ਐਵੋਕਾਡੋ ..ਪਰ ਚਿੱਬੜ ਦਾ ਕੋਈ ਮੁਕਾਬਲਾ ਨਹੀਂ

“ਉਠੋ ਹੋ ਗੀ ਸਵੇਰ, ਹੋਈ ਸਫ਼ਰ ਦੀ ਥਕਾਵਟ ਦੂਰ, ਐਵੋਕਾਡੋ ਲਾ ਕੇ ਸੈਂਡਵਿਚ ਬਣਾ ਦਿੱਤੇ, ਤੇ ਚਾਹ ਵੀ ਤਿਆਰ ਆ, ਤੁਸੀਂ ਖਾ ਲੈਣਾ, ਮੈਂ ਕੰਮ ’ਤੇ ਚੱਲੀ ਹਾਂ, ਮਿਲਦੇ ਆਂ ਸ਼ਾਮ ਨੂੰ।” ਲੰਮੀ ਤਕਰੀਰ ਦੇ ਕੇ ਧੀ ਤਾਂ ਪੌੜੀਆਂ ਉਤਰ ਗਈ ਪਰ ਮੈਨੂੰ ਐਵੋਕਾਡੋ ਦੇਖਣ ਦਾ ਜਿਵੇਂ ਚਾਅ ਹੀ ਚੜ੍ਹ ਗਿਆ। ਕਈ ਸਾਲ ਪਹਿਲਾਂ ਬਹੁਤ ਤੰਗ-ਪ੍ਰੇਸ਼ਾਨ ਕੀਤਾ ਸੀ ਇਸ ਸ਼ਬਦ ਨੇ ਮੈਨੂੰ। ਅੰਗਰੇਜ਼ੀ ਦੇ ਮੰਨੇ-ਪ੍ਰਮੰਨੇ ਲੇਖਕ ਖੁਸ਼ਵੰਤ ਸਿੰਘ ਦੇ ਹਫ਼ਤਾਵਾਰੀ ਕਾਲਮ ਨੂੰ ਪੰਜਾਬੀ ਅਖਬਾਰ ਲਈ ਅਨੁਵਾਦ ਕਰਦਿਆਂ ਇਸ ਸ਼ਬਦ ਨੇ ਇੱਕ ਥਾਂ ਅੜਿੱਕਾ ਖੜ੍ਹਾ ਕਰ ਦਿੱਤਾ ਸੀ। ਬਥੇਰੀਆਂ ਡਿਕਸ਼ਨਰੀਆਂ ਫਰੋਲੀਆਂ, ਹਿਮਾਚਲੀ ਲੇਖਕ ਦੋਸਤ ਨਾਲ ਵੀ ਰਾਬਤਾ ਕਾਇਮ ਕੀਤਾ ਪਰ ਇਸ ਫਲ ਬਾਰੇ ਕੁਝ ਪਤਾ ਨਾ ਲੱਗਿਆ। ਆਖ਼ਰ ਵਿਦਵਾਨ ਡਿਪਟੀ ਐਡੀਟਰ ਦੀ ਸਲਾਹ ‘ਤੇ ਐਵੋਕਾਡੋ ਦੀ ਥਾਂ ਬੱਗੂਗੋਸ਼ਾ ਲਿਖ ਕੇ ਹੀ ਕੰਮ ਸਾਰਿਆ ਸੀ। ਹੁਣ ਅਮਰੀਕਾ ਵਿਚ ਐਵੋਕਾਡੋ ਲੱਗੇ ਸੈਂਡਵਿਚ ਖਾਣਾ ਤਾਂ ਫਿਰ ਅਚੰਭੇ ਦੀ ਗੱਲ ਹੋਈ ਹੀ ਨਾ!

ਅਸਲ ਵਿਚ ਵਿਆਹ-ਸ਼ਾਦੀਆਂ ਵਿਚ ਲਗਦੇ ਫਰੂਟ ਸਟਾਲਜ਼ ਨੇ ਨਾ ਸਿਰਫ ਸਾਡੇ ਸੁਆਦਾਂ ਵਿਚ ਵੱਡੀ ਤਬਦੀਲੀ ਲਿਆਂਦੀ ਹੈ ਸਗੋਂ ਸਾਡੀ ਸੋਚ ਵੀ ਬਦਲ ਕੇ ਰੱਖ ਦਿੱਤੀ ਹੈ; ਖਾਸ ਕਰ ਕੇ ਸ਼ਹਿਰਾਂ-ਕਸਬਿਆਂ ਵਿਚ ਰਹਿਣ ਵਾਲ਼ੇ ਤਾਂ ਵਿਦੇਸ਼ੀ ਫਲ਼ਾਂ ਦੇ ਇਸ ਕਦਰ ਦੀਵਾਨੇ ਹਨ ਕਿ ਕਿਵੀ ਤੋਂ ਹੇਠਾਂ ਰੁਕਦੇ ਹੀ ਨਹੀਂ, ਭਾਵੇਂ ਖੱਟਾ ਹੀ ਕਿਉਂ ਨਾ ਹੋਵੇ। ਕਸ਼ਮੀਰ ਜਾਂ ਹਿਮਾਚਲ ਪ੍ਰਦੇਸ਼ ਦੇ ਸੇਬਾਂ ਨੂੰ ਕਦੇ ਕੋਈ ਟੱਕਰ ਨਹੀਂ ਸੀ ਦੇ ਸਕਦਾ ਪਰ ਅੱਜ ਅਸੀਂ ਅਮਰੀਕੀ ਸੇਬਾਂ ਦੀਆਂ ਸਿਫਤਾਂ ਕਰਦੇ ਨਹੀਂ ਥੱਕਦੇ। ਸਭ ਨੂੰ ਪਤਾ ਹੈ ਕਿ ਮੁਕਾਮੀ ਫਲ਼ ਸਭ ਤੋਂ ਵੱਧ ਮੁਆਫ਼ਕ ਹੁੰਦੇ ਹਨ ਤੇ ਡਾਕਟਰ ਵੀ ਇਹੋ ਸਲਾਹ ਦਿੰਦੇ ਹਨ ਪਰ ਦਿਖਾਵੇ ਅੱਗੇ ਸਭ ਸਲਾਹਾਂ ਢੇਰ। ਬਈ ਮੈਨੂੰ ਤਾਂ ਅਮਰੀਕੀ ਖਰਬੂਜ਼ਾ ਭੋਰਾ ਸੁਆਦ ਨਹੀਂ ਲੱਗਿਆ, ਐਵੀਂ ਬਕ-ਬਕਾ ਜਿਹਾ ਪਰ ਵਲਾਇਤੀ ਫਲ਼ਾਂ ਦੇ ਕਦਰਦਾਨ ਅਜਿਹੇ ਫਲ਼ਾਂ ਨੂੰ ਸਵਾਦ ਲਾ ਲਾ ਖਾਂਦੇ ਹਨ। ਲੋਕਾਂ ਦੀ ਛੱਡੋ, ਫਲ਼ ਵੇਚਣ ਵਾਲਾ ਹੀ ਦੇਖ ਲੋ, ਸਟਰਾਬਰੀ ਨੂੰ ਕਿਵੇਂ ਡਿੱਬਾ ਬੰਦ ਤੇ ਪੂਰੇ ਅਦਬ ਨਾਲ ਸਜਾ ਕੇ ਰੱਖਦਾ ਹੈ ਤੇ ਬੇਰ ਵਿਚਾਰੇ ਥੱਲੇ ਟੋਕਰੇ ਵਿਚ ਰੁਲ਼ਦੇ ਰਹਿੰਦੇ ਹਨ। ਚਮਨ ਦੇ ਕਹਿ ਕੇ ਹੱਥੋ-ਹੱਥੀਂ ਵਿਕਣ ਵਾਲ਼ੇ ਦਿਲਕਸ਼ ਅੰਗੂਰਾਂ ਨੂੰ ਵੀ ਹੁਣ ਵਿਦੇਸ਼ੀ ਲਾਲ ਅੰਗੂਰਾਂ ਨੇ ਪਛਾੜ ਦਿੱਤਾ ਹੈ। ਸਾਰਾ ਦਿਲ ਖਿੱਚਵੀਂ ਪੈਕਿੰਗ ਦਾ ਕਮਾਲ ਆ। ਭਾਅ ਜੋ ਮਰਜ਼ੀ ਹੋਵੇ ਪਰ ਚੀਜ਼ ਹੱਥ ਵਿਚ ਚੁੱਕੀ ਸੋਹਣੀ ਲੱਗਣੀ ਚਾਹੀਦੀ ਆ। ਡਰੈਗਨ ਫਰੂਟ, ਕੈਲੀਫੋਰਨੀਆਂ ਦੇ ਬਦਾਮ ਤੇ ਚੈਰੀ ਵੀ ਇਸੇ ਵਰਗ ਵਿਚ ਸ਼ੁਮਾਰ ਹਨ।

ਉਂਝ, ਜੋ ਮਰਜ਼ੀ ਕਹਿ ਲਵੋ ਪਰ ਚਿੱਬੜ ਦਾ ਕੋਈ ਮੁਕਾਬਲਾ ਨਹੀਂ। ਖੇਤਾਂ ਵਿਚ ਆਪ ਮੁਹਾਰੇ ਉੱਗੀਆਂ ਵੇਲਾਂ ਨੂੰ ਲੱਗਦੇ ਚਿੱਬੜ ਪੱਕੇ ਜਾਂ ਗੱਦਰ, ਦੋਹਾਂ ਹਾਲਤਾਂ ਵਿਚ ਬੇਹੱਦ ਸੁਆਦਲੇ ਲੱਗਦੇ। ਚਿੱਬੜ ਦੀ ਚਟਣੀ ਤਾਂ ਮਾਲਵੇ ਦਾ ਸਿ਼ੰਗਾਰ ਹੈ। ਇਸ ਚਟਣੀ ਬਿਨਾ ਤਾਂ ਪਿੰਡਾਂ ਵਿਚ ਰਾਤ ਦੀ ਰੋਟੀ ਬੇਸੁਆਦੀ ਮੰਨੀ ਜਾਂਦੀ। ਚਟਣੀ ਇਸ ਖਿੱਤੇ ਲਈ ਮਾਨੋ ਅਨਮੋਲ ਤੋਹਫ਼ਾ ਹੈ। ਇਹ ਪੱਕੇ ਤੇ ਗੱਦਰ, ਦੋਹਾਂ ਤਰ੍ਹਾਂ ਦੇ ਚਿੱਬੜਾਂ ਦੀ ਬਣਦੀ ਹੈ ਅਤੇ ਇਹ ਮਿੱਠੀ ਤੇ ਚੁਰਚੁਰੀ, ਦੋਹਾਂ ਤਰ੍ਹਾਂ ਦੀ ਹੋ ਸਕਦੀ ਹੈ। ਸੂਬੇ ਦੇ ਬਾਕੀ ਹਿੱਸੇ ਵਿਚ ਕੱਚੀ ਅੰਬੀ ਤੇ ਪਦੀਨੇ ਦੀ ਚਟਣੀ ਦੀ ਸਰਦਾਰੀ ਆ। ਦਿਹਾਤੀ ਲੋਕ ਤਾਂ ’ਕੱਲੀ ਚਟਨੀ ਨਾਲ ਹੀ ‘ਡਿਨਰ’ ਕਰ ਲੈਂਦੇ ਹਨ। ਹੈ ਨਾ ਹਿੰਗ ਲੱਗੇ ਨਾ ਫਟਕੜੀ, ਰੰਗ ਵੀ ਆਵੇ ਚੋਖਾ। ਲਗਦੇ ਹੱਥ ਚਿੱਬੜ ਦੀ ਸਹੇਲੀ ਫੁੱਟ ਦੀ ਵੀ ਗੱਲ ਕਰ ਲੈਂਦੇ ਹਾਂ। ਮੁਫ਼ਤ ਵਿਚ ਮਿਲਣ ਵਾਲ਼ਾ ਇਹ ਫਲ਼ ਵੀ ਮੱਕੀ ਦੇ ਖੇਤਾਂ ਵਿਚ ਖੁਦ ਬਾਖੁਦ ਉੱਗੀਆਂ ਵੇਲਾਂ ਨੂੰ ਲੱਗਦਾ ਹੈ। ਇਸ ਦਾ ਆਕਾਰ ਖੀਰੇ ਤੋਂ ਵੱਡਾ ਹੁੰਦਾ ਹੈ। ਕਹਿੰਦੇ ਹਨ ਕਿ ‘ਸੰਤਾਲੀ ਦੇ ਹੱਲਿਆਂ ਮੌਕੇ ਉੱਜੜ ਕੇ ਜਾ ਰਹੇ ਮੁਸਲਮਾਨਾਂ ਨੇ ਨਾ ਸਿਰਫ ਮੱਕੀ ਦੇ ਖੇਤਾਂ ਵਿਚ ਲੁਕ ਕੇ ਜਾਨ ਹੀ ਬਚਾਈ ਸਗੋਂ ਫੁੱਟਾਂ ਖਾ ਕੇ ਪੇਟ ਦੀ ਅੱਗ ਵੀ ਬੁਝਾਈ। ਇਹ ਨਿਆਮਤ ਹੁਣ ਲੋਪ ਹੋਣ ਕਿਨਾਰੇ ਹੈ।

ਮੁਫ਼ਤੋ-ਮੁਫ਼ਤੀ ਮਿਲਣ ਵਾਲ਼ੇ ਇੱਕ ਹੋਰ ਫਲ਼ ਭਬੋਲ਼ੇ ਦੀ ਗੱਲ ਕਰਦੇ ਆਂ। ਖਿੱਤਿਆਂ ਮੁਤਾਬਿਕ ਇਸ ਦੇ ਹੋਰ ਨਾਂ ਵੀ ਹੋ ਸਕਦੇ ਹਨ। ਹਰ ਥਾਂ ਉੱਗ ਸਕਦੇ ਇਸ ਫੁੱਟ-ਡੇਢ ਦੇ ਪੌਦੇ ਨੂੰ ਛੋਟੇ-ਛੋਟੇ ਗੋਲ਼ ਫਲ਼ ਲਗਦੇ ਹਨ ਤੇ ਪੱਕੇ ਭਬੋਲ਼ੇ ਖਾਣ ਦਾ ਆਪਣਾ ਹੀ ਲੁਤਫ ਹੁੰਦਾ। ਅਸਲ ਵਿਚ ਝੋਨਾ ਲਗਾਉਣ ਦੀ ਹੋੜ ਨੇ ਇਨ੍ਹਾਂ ਵੇਲ ਪੌਦਿਆਂ ਦਾ ਮਲੀਆਮੇਟ ਹੀ ਕਰ ਦਿੱਤਾ ਹੈ।

ਤੂਤਣੀਆਂ ਤਾਂ ਸਾਰਿਆਂ ਨੂੰ ਯਾਦ ਹੀ ਹੋਣਗੀਆਂ। ਸਟਰਾਬਰੀ ਨੂੰ ਮਾਤ ਪਾਉਂਦੀਆਂ ਇਹ ਤੂਤਣੀਆਂ ਵੀ ਇੱਕ ਮਹੀਨਾ ਪੂਰਾ ਆਨੰਦ ਦਿੰਦੀਆਂ। ਧੇਲਾ ਨਹੀਂ ਸੀ ਲੱਗਦਾ ਪਰ ਸਵਾਦ ਨਾਲ਼ ਮੂੰਹ ਭਰ ਜਾਂਦਾ। ਤੂਤਣੀਆਂ ਮੁੱਕਦੀਆਂ ਤਾਂ ਕੱਚੀਆਂ ਅੰਬੀਆਂ ਜਾਮਣ ਤੇ ਜਮੋਏ ਦੀ ਵਾਰੀ ਆ ਜਾਂਦੀ। ਸਾਡੇ ਪਿੰਡ ਜਾਮਣ ਦਾ ਵੱਡਾ ਸਾਰਾ ਦਰਖ਼ਤ ਸੀ, ਬਹੁਤ ਮਿੱਠੀਆਂ ਤੇ ਮੋਟੀਆਂ ਜਾਮਣਾਂ ਲੱਗਦੀਆਂ ਪਰ ਮੁਸ਼ਕਿਲ ਇਹ ਸੀ ਕਿ ਇਹ ਕਿਸੇ ਔਰਤ (ਸ਼ਾਇਦ ਵਿਧਵਾ ਸੀ) ਦੀ ਮਲਕੀਅਤ ਸੀ। ਮਜਾਲ ਆ, ਕੋਈ ਜਾਮਣਾਂ ਵੱਲ ਝਾਕ ਵੀ ਜਾਵੇ। ਬੱਚਿਆਂ ਮਗਰ ਡੰਡਾ ਲੈ ਕੇ ਦੌੜਦੀ। ਪਲੇਗ ਸ਼ਬਦ ਮੈਂ ਪਹਿਲੀ ਵਾਰ ਉਸ ਦੇ ਮੂੰਹੋਂ ਸੁਣਿਆ ਸੀ। ਪਿੰਡ ’ਚ ਜਮੋਏ ਦਾ ਬਾਗ ਵੀ ਸੀ, ਇਸ ਵਿਚ ਜਾਮਣ ਦੇ ਵੀ ਬੂਟੇ ਸਨ। ਇੱਥੇ ਕੋਈ ਰੋਕ ਟੋਕ ਨਹੀਂ ਸੀ। ਬੱਸ ਬਜ਼ੁਰਗ ਇਹੋ ਤਾੜਨਾ ਕਰਦੇ: ਇਨ੍ਹਾਂ ਦਰਖ਼ਤਾਂ ਦੀ ਲੱਕੜ ਕੱਚੀ ਹੁੰਦੀ, ਲੱਤ-ਬਾਂਹ ਨਾ ਤੁੜਾ ਲਿਓ।

ਅੱਜ ਸੋਚ ਕੇ ਵੀ ਹੈਰਾਨੀ ਹੁੰਦੀ ਕਿ ਪੰਜ-ਛੇ ਦਹਾਕੇ ਪਹਿਲਾਂ ਬੱਚੇ ਨਸੂੜੇ ਤੇ ਬਿਲ ਦੇ ਗੂੰਦ ਵਰਗੇ ਰਸ ਚੱਟ ਜਾਂਦੇ ਸਨ। ਨਸੂੜੇ ਦਾ ਗੁਲਾਬੀ ਰੰਗ ਦਾ ਗੁੱਛਾ ਦਿਲਕਸ਼ ਹੀ ਬਹੁਤ ਲੱਗਦਾ। ਹੁਣ ਨਾ ਉਹੋ ਜਿਹੇ ਦਰਖ਼ਤ ਰਹੇ ਨਾ ਉਹੋ ਜਿਹੇ ਬੱਚੇ। ਅੱਜ ਕੱਲ੍ਹ ਬੇਰੀਆਂ ਦੇ ਫਾਰਮ ਹਨ ਪਰ ਉਦੋਂ ਬੇਰੀਆਂ ਖੇਤਾਂ-ਉਜਾੜਾਂ ਵਿਚ ਲਾਵਾਰਿਸ ਹੀ ਖੜ੍ਹੀਆਂ ਹੁੰਦੀਆਂ। ਡਲੇ-ਪੱਥਰ ਮਾਰ ਕੇ ਬੇਰ ਤੋੜਨ ਦਾ ਆਪਣਾ ਹੀ ਲੁਤਫ਼ ਹੁੰਦਾ। ‘ਟੀਸੀ ਦਾ ਬੇਰ’ ਐਵੇਂ ਨੀ ਮਸ਼ਹੂਰ। ਕੂਰੀਆਂ ਤੋੜਨਾ-ਖਾਣਾ ਵੀ ਇਸੇ ਮੁਹਿੰਮ ਦਾ ਹਿੱਸਾ ਹੈ। ਛੋਲਿਆਂ ਤੇ ਮੂੰਗਫਲ਼ੀ ਦੀਆਂ ਹੋਲ਼ਾਂ, ਛੱਲੀਆਂ ਭੁੰਨ ਕੇ ਖਾਣਾ ਜਿਵੇਂ ਬੀਤੇ ਯੁੱਗ ਦੀਆਂ ਗੱਲਾਂ ਹੋਣ। ਮੂੰਹ ਕਾਲ਼ੇ ਹੋ ਜਾਣੇ ਪਰ ਰੱਜ ਨਾ ਆਉਣਾ। ਭੱਠੀ ’ਤੇ ਦਾਣੇ ਭੁਨਾ ਕੇ ਖਾਣ ਦਾ ਜਿ਼ਕਰ ਤਾਂ ਰਹਿ ਹੀ ਗਿਆ, ਜਿ਼ਕਰ ਕਰਨਾ ਤਾਂ ਗੰਨੇ ਚੂਪਣ, ਘੁਲਾੜੀਆਂ ’ਚ ਤੱਤਾ ਗੁੜ ਖਾਣ, ਖਜੂਰਾਂ ਤੋੜਨ, ਆਲੂ ਤੇ ਸ਼ਕਰਕੰਦੀ ਭੁੰਨ ਕੇ ਖਾਣ, ਛੋਲਿਆਂ ਦੀਆਂ ਟਾਂਟਾਂ ਤੇ ਖਿੱਲਾਂ ਦਾ ਵੀ ਰਹਿ ਹੀ ਗਿਆ।

ਇੰਦਰਜੀਤ ਭਲਿਆਣ
ਸੰਪਰਕ: 98720-73035

Spread the love