ਪਿਆਰੋ

ਪਿਛਲੇ ਦਿਨੀਂ ਮੇਰੀ ਪੜਨਾਨੀ ਦਾ ਭੋਗ ਸੀ। ਪਹਿਲੀ ਵਾਰ ਮੈਂ ਮੇਰੀ ਨਾਨੀ ਦੀਆਂ ਭੈਣਾਂ ਨੂੰ ਮਿਲਿਆ। ਮੇਰੀ ਨਾਨੀ ਦੀਆਂ ਦੋ ਭੈਣਾਂ ਤੇ ਇੱਕ ਭਰਾ ਸੀ। ਨਾਨੀ ਦੀ ਸਭ ਤੋਂ ਛੋਟੀ ਭੈਣ ਪਿਆਰੋ ਬਾਰੇ ਮੈਂ ਸੁਣਿਆ ਬਹੁਤ ਸੀ, ਪਰ ਮਿਲਿਆ ਅੱਜ ਪਹਿਲੀ ਵਾਰ ਸੀ। ਮੇਰੀ ਨਾਨੀ ਅਕਸਰ ਪਿਆਰੋ ਦੀਆਂ ਗੱਲਾਂ ਕਰਦੀ ਹੁੰਦੀ ਸੀ। ਸਾਰੀਆਂ ਭੈਣਾਂ ’ਚੋਂ ਸੁਖੀ ਵੱਸਦੀ ਸੀ ਪਿਆਰੋ ਬੀਬੀ।

ਮੇਰੇ ਨਾਨਕੇ ਪਰਿਵਾਰ ਵਿੱਚ ਜਦੋਂ ਕਿਤੇ ਕਿਸਮਤ ਦੀ ਗੱਲ ਚੱਲਣੀ ਤਾਂ ਪਿਆਰੋ ਬੀਬੀ ਦਾ ਨਾਮ ਨਾ ਲਿਆ ਜਾਵੇ ਤਾਂ ਇਹ ਨਾਮੁਨਕਿਨ ਜਿਹੀ ਗੱਲ ਸੀ। ਕੋਈ ਗੱਲ ਹੋਣੀ ਮੇਰੀ ਨਾਨੀ ਨੇ ਕਹਿਣਾ, ‘‘ਆਹੋ ਹੁਣ ਪਿਆਰੋ ਦੇ ਕਰਮ ਦੇਖ ਲਓ। ਪਰਮਾਤਮਾ ਨੇ ਆਹ ਵੀ ਦੇਤਾ ਉਹਨੂੰ ਆਹ ਵੀ ਕਰਤਾ ਉਹਦਾ।’’ ਮਾਮੇ ਹੋਰਾਂ ਕਈ ਵਾਰ ਖਿੱਝ ਕੇ ਆਖ ਵੀ ਦੇਣਾ, ‘‘ਬੱਸ ਰੱਬ ਤਾਂ ਪਿਆਰੋ ਮਾਸੀ ਦੇ ਈ ਕਰਮ ਲਿਖਣ ਨੂੰ ਬੈਠਾ। ਹੋਰ ਕਿਹੜਾ ਕੰਮ ਐ ਉਹਨੂੰ ਕੋਈ!’’

ਮੈਂ ਬੜੀ ਗਹੁ ਨਾਲ ਦੇਖ ਰਿਹਾ ਸੀ ਪਿਆਰੋ ਬੀਬੀ ਵੱਲ। ਮੇਰੇ ਵੱਲ ਨਜ਼ਰ ਕਰਦਿਆਂ ਪਿਆਰੋ ਬੀਬੀ ਨੇ ਪੁੱਛਿਆ, ‘‘ਤੂੰ ਮੱਪੋ ਦਾ ਵੱਡਾ ਮੁੰਡਾ ਏਂ ਨਾ?’’ ਮੈਂ ਹਾਂ ’ਚ ਸਿਰ ਹਿਲਾਇਆ। ‘‘ਉਰ੍ਹਾਂ ਆ ਕੇ ਬਹਿ ਮੇਰੇ ਕੋਲ। ਕੁੜੀਆਂ ਵਾਂਗੂੰ ਸੰਗੀ ਜਾਨੈਂ,’’ ਪਿਆਰੋ ਬੀਬੀ ਨੇ ਕਿਹਾ। ਮੈਂ ਬੀਬੀ ਦੇ ਕੋਲ ਹੋ ਕੇ ਬੈਠਿਆ ਤੇ ਕਿਹਾ, ‘‘ਨਹੀਂ ਬੀਬੀ, ਮੈਂ ਕਿਉਂ ਸੰਗਣਾ ਤੇਰੇ ਤੋਂ।’’ ਮੇਰੀ ਵੀ ਝਿਜਕ ਥੋੜ੍ਹੀ ਘੱਟ ਹੋਈ। ਮੈਂ ਜਿਹੜੀ ਗੱਲ ਪੁੱਛਣੀ ਸੀ ਉਹ ਪੁੱਛ ਬੈਠਿਆ, ‘‘ਮੈਂ ਕਿਹਾ ਬੀਬੀ, ਮੇਰੀ ਬੀਬੀ ਹਮੇਸ਼ਾਂ ਤੇਰੀਆਂ ਤਾਰੀਫ਼ਾ ਕਰਦੀ ਐ। ਸਾਡੀ ਪਿਆਰੋ ਇਹ ਸਾਡੀ ਪਿਆਰੋ ਓਹ। ਥੋਡੀ ਕਿਸਮਤ ਦੇ ਬੜੇ ਗੁਣਗਾਨ ਕਰਦੇ ਨੇ?’’ ‘‘ਹਾਂ ਫੇਰ ਹੈਗੀ ਐ ਪੁੱਤਰ, ਇਹਦੇ ’ਚ ਕੀ ਸ਼ੱਕ ਐ,’’ ਪਿਆਰੋ ਬੀਬੀ ਨੇ ਮੁਸਕਰਾ ਕੇ ਕਿਹਾ। ਅੱਗੇ ਬੋਲਦਿਆਂ ਕਹਿੰਦੀ, ‘‘ਜੇ ਅੱਜ ਮੇਰਾ ਨਾਮ ਵੀ ਪਿਆਰ ਕੌਰ ਐ ਤਾਂ ਕਿਸਮਤ ਕਰਕੇ ਹੀ।’’ ਮੈਨੂੰ ਅਚੰਭਾ ਹੋਇਆ। ਮੈਂ ਪੁੱਛਿਆ, ‘‘ਉਹ ਕਿੱਦਾਂ?’’ ‘‘ਆਹ ਤੇਰੀ ਨਾਨੀ ਨੂੰ ਪੁੱਛ ਲੈ ਮੈਂ ਤਾਂ ਅਜੇ ਜੰਮੀ ਓ ਸੀ। ਇਹਨੇ ਈ ਕਰਵਾਉਣਾ ਸੀ ਮੇਰਾ ਨਾਮ ਪਿਆਰ ਬਾਨੋ।’’

ਮੈਨੂੰ ਕਾਫ਼ੀ ਹੈਰਾਨੀ ਜਿਹੀ ਹੋਈ ਕਿ ਇਹ ਸਾਰਾ ਮਾਮਲਾ ਕੀ ਸੀ। ਮੈਂ ਮੇਰੀ ਨਾਨੀ ਨੂੰ ਪੁੱਛਿਆ, ‘‘ਬੀਬੀ, ਕੀ ਗੱਲ ਹੋਈ ਸੀ?’’

‘‘ਆਹੋ ਕਰਵਾਉਣਾ ਸੀ ਇਹਦਾ ਨਾਮ ਵੱਡੀ ਦਾ… ਬਚ ਵੀ ਮੇਰੇ ਕਰਕੇ ਗਈ ਤੂੰ,’’ ਮੇਰੀ ਨਾਨੀ ਆਕੜ ਕੇ ਬੋਲੀ। ਮੈਂ ਕਿਹਾ, ‘‘ਬੀਬੀ, ਪੂਰੀ ਗੱਲ ਦੱਸ।’’ ‘‘ਗੱਲ ਸੀ ਸਵਾਹ ਤੇ ਖੇਹ, ਮੇਰੇ ਬਚਾਇਆਂ ਬਚ ਗੀ ਇਹ। ਨਹੀਂ ਤਾਂ ਹੁਣ ਨੂੰ ਚੁਰਾਸੀ ਕੱਟੀ ਜਾਣੀ ਸੀ ਇਹਦੀ। ਜਦੋਂ ਉਜਾੜਾ ਹੋਇਆ ਉਦੋਂ ਮੇਰੀ ਉਮਰ ਦਸ ਕੁ ਸਾਲ ਦੀ ਸੀ।’’ ਮੇਰੀ ਨਾਨੀ ਗੱਲ ਸੁਣਾਉਣ ਲੱਗੀ, ‘‘ਸਭ ਤੋਂ ਵੱਡੀ ਮੈਂ ਈ ਸੀ। ਸਾਡਾ ਸਾਰਾ ਪਿੰਡ ਸਿੱਖਾਂ ਦਾ ਸੀ। ਸਾਰੇ ’ਕੱਠੇ ਉੱਜੜੇ ਸੀ। ਮੇਰੀ ਮਾਂ ਦੇ ਇਹ ਪਿਆਰੋ ਹੋਣ ਵਾਲੀ ਸੀ। ਉਜਾੜਿਆਂ ’ਚ ਵੀ ਨੀ ਟਿਕੀ ਇਹ,’’ ਨਾਨੀ ਨੇ ਹੱਸ ਕੇ ਕਿਹਾ, ‘‘ਸਾਰੇ ਪੈਦਲ ਆ ਰਹੇ ਸੀ। ਰਸਤੇ ’ਚ ਪਿਆਰੋ ਦਾ ਜਨਮ ਹੋਇਆ। ਇਸ ਹਾਲਤ ’ਚ ਮਾਂ ਦਾ ਚੱਲਣਾ ਬਹੁਤ ਮੁਸ਼ਕਿਲ ਹੋਇਆ ਪਿਆ ਸੀ ਤੇ ਕਾਫ਼ਲਾ ਰੁਕਣ ਨੂੰ ਤਿਆਰ ਨਹੀਂ ਸੀ।

ਮੇਰੇ ਪਿਉ ਨੇ ਮੇਰੀ ਮਾਂ ਨੂੰ ਘਨੇੜੇ ਚੁੱਕ ਲਿਆ ਤੇ ਪਿਆਰੋ ਮੈਨੂੰ ਫੜਾ ’ਤੀ। ਸਾਰੇ ਐਨੇ ਥੱਕੇ ਟੁੱਟੇ ਤੇ ਡਰੇ ਸੀ ਕਿ ਕੋਈ ਵੀ ਮਦਦ ਕਰਨ ਨੂੰ ਤਿਆਰ ਨਹੀਂ ਸੀ। ਮੈਂ ਵੀ ਨਿਆਣੀ ਸੀ। ਮੇਰੇ ਤੋਂ ਜਿੰਨਾ ਤੁਰ ਹੋਇਆ ਮੈਂ ਤੁਰੀ, ਪਰ ਇੱਕ ਥਾਂ ’ਤੇ ਆ ਕੇ ਮੇਰਾ ਸਰੀਰ ਜਵਾਬ ਦੇ ਗਿਆ। ਮੇਰੇ ਪਿਉ ਨੇ ਲੋਕਾਂ ਦੀਆਂ ਮਿੰਨਤਾਂ ਕੀਤੀਆਂ, ਪਰ ਬੱਚਾ ਚੁੱਕਣ ਜਾਂ ਮੇਰੀ ਮਾਂ ਨੂੰ ਸਾਂਭਣ ਦੀ ਕਿਸੇ ਨੇ ਹਾਮੀ ਨਾ ਭਰੀ। ਸਾਰੇ ਕਹਿਣ ਲੱਗੇ ਕੁੜੀ ਓ ਆ, ਤੇਰਾ ਕੀ ਗੱਡਾ ਖੜ੍ਹਾ ਇਹਦੇ ਬਿਨਾ। ਦਰਿਆ ’ਚ ਸੁੱਟ ਦੇ।

ਪਰ ਆਪਣੇ ਜੰਮੇ ਜਾਏ ਕੀਹਦੇ ਤੋਂ ਸੁੱਟ ਹੁੰਦੇ ਨੇ। ਫੇਰ ਕਹਿਣ ਨੂੰ ਤਾਂ ਸਾਰੇ ਆਪਣੇ ਈ ਹੁੰਦੇ ਨੇ, ਪਰ ਪਤਾ ਤਾਂ ਵਕਤ ਪਏ ’ਤੇ ਈ ਲੱਗਦੈ। ਵਿਚੋਂ ਹੀ ਆਵਾਜ਼ ਆਈ, ਕਹਿੰਦੇ ਚਲੋ ਛੱਡੋ ਇਹ ਆਪਣੇ ਟੱਬਰ ਨਾਲ ਆਜੂ, ਤੁਸੀਂ ਨਾ ਵਕਤ ਖ਼ਰਾਬ ਕਰੋ। ਮੇਰੇ ਪਿਉ ਦਾ ਹੌਸਲਾ ਟੁੱਟ ਗਿਆ। ਉਹਨੇ ਪਿਆਰੋ ਮੇਰੇ ਤੋਂ ਫੜੀ। ਲਾਗੇ ਹੀ ਕਿਸੇ ਦਾ ਇੱਕ ਢਾਰਾ ਜਿਹਾ ਸੀ। ਉਹਦੇ ’ਚ ਪਿਆਰੋ ਨੂੰ ਰੱਖ ਆਇਆ।

ਉਦੋਂ ਤਾਂ ਅਜੇ ਨਾਂ ਵੀ ਨਹੀਂ ਸੀ ਰੱਖਿਆ ਮਰਨੀ ਦਾ,’’ ਬੀਬੀ ਫੇਰ ਹੱਸ ਪਈ।

‘‘ਅਸੀਂ ਕਾਫ਼ਲੇ ਦੇ ਨਾਲ ਤੁਰ ਪਏ। ਦੋ ਕੁ ਕਿੱਲਿਆਂ ਦੀ ਵਾਹੀ ਲੰਘ ਕੇ ਮੈਂ ਪਿੱਛੇ ਪਰਤ ਕੇ ਦੇਖਿਆ। ਕੋਈ ਬੰਦਾ ਬੱਚੇ ਨੂੰ ਚੁੱਕ ਰਿਹਾ ਸੀ। ਮੈਂ ਮੇਰੇ ਪਿਉ ਨੂੰ ਕਿਹਾ, ਬਾਪੂ ਕਾਕਾ ਭਾਈ ਨੇ ਚੁੱਕ ਲਿਆ।

ਮੇਰੇ ਬਾਪੂ ਨੇ ਗੱਲ ਅਣਗੌਲੀ ਕਰ ਦਿੱਤੀ, ਪਰ ਮਾਂ ਤੋਂ ਸਬਰ ਨਾ ਹੋਇਆ। ਮਾਂ ਨੇ ਇਕਦਮ ਆਪਣੇ ਪੈਰ ਜ਼ਮੀਨ ਉੱਤੇ ਲਾ ਲਏ। ਮਾਂ ਦਾ ਗਲਾ ਭਰ ਆਇਆ। ਉਹ ਆਖਣ ਲੱਗੀ, ਮੈਂ ਆਪਣੀ ਧੀ ਨੀ ਛੱਡਣੀ, ਤੁਸੀਂ ਜਾਉ ਆਪਣੇ ਲੋਕਾਂ ਨਾਲ ਮੈਨੂੰ ਐਥੇ ਏ ਛੱਡ ਦਿਓ। ਬਾਪੂ ਵੀ ਇਕਦਮ ਫੁੱਟ ਪਿਆ ਤੇ ਮਾਂ ਨੂੰ ਭੁੰਜੇ ਬਿਠਾ ਪਿਆਰੋ ਵੱਲ ਦੌੜਿਆ। ਪਿਆਰੋ ਨੂੰ ਇੱਕ ਮੁਸਲਮਾਨ ਭਾਈ ਚੁੱਕੀ ਬੈਠਾ ਸੀ। ਬੜੇ ਪਿਆਰ ਨਾਲ ਉਹ ਪਿਆਰੋ ਨੂੰ ਤੱਕ ਰਿਹਾ ਸੀ। ਬਾਪੂ ਨੇ ਬੜੀ ਹਲੀਮੀ ਨਾਲ ਕਿਹਾ, ਬਾਈ ਜੀ ਇਹ ਮੇਰੀ ਧੀ ਐ ਮੈਨੂੰ ਦੇ ਦਿਉ। ਉਸ ਬੰਦੇ ਨੇ ਆਖਿਆ, ਬੜਾ ਨਿਰਦਈ ਐਂ ਸਰਦਾਰਾ ਬੱਚੀ ਨੂੰ ਰਾਹ ਸੁੱਟ ਗਿਆ ਸੈਂ।

ਬੱਸ ਵਕਤ ਦੇ ਮਾਰੇ ਆਂ ਭਰਾਵਾ, ਨਹੀਂ ਤਾਂ ਜਿਗਰ ਦੇ ਟੋਟੇ ਐਦਾਂ ਨਹੀਂ ਸੁੱਟੇ ਜਾਂਦੇ, ਮੇਰੇ ਬਾਪੂ ਨੇ ਜਵਾਬ ਦਿੱਤਾ। ਵਾਹ ਖ਼ੁਦਾ ਇੱਕ ਵਾਰ ਫੇਰ ਬੱਚਾ ਦੇ ਕੇ ਖੋਹ ਲਿਆ, ਉਸ ਬੰਦੇ ਨੇ ਆਖਿਆ ਤੇ ਇਹਨੂੰ ਮੇਰੇ ਬਾਪ ਦੀ ਝੋਲੀ ਪਾ ਦਿੱਤਾ। ਉਹ ਫੇਰ ਬੋਲਿਆ, ਮੇਰੀ ਬੇਗਮ ਦੇ ਤਿੰਨ ਬੱਚੇ ਹੋ ਕੇ ਮੁੱਕ ਗਏ। ਬੱਚੀ ਰਾਹ ’ਚ ਪਈ ਦੇਖੀ ਤਾਂ ਉਮੀਦ ਜਾਗੀ ਸੀ ਬਈ ਸਾਡੇ ਘਰ ਵੀ ਕਿਲਕਾਰੀਆਂ ਗੂੰਜਣਗੀਆਂ। ਚਲੋ ਖ਼ੁਦਾ ਨੂੰ ਨਹੀਂ ਸੀ ਮਨਜ਼ੂਰ। ਸਰਦਾਰਾ ਬੱਚੀ ਬੜੀ ਪਿਆਰੀ ਐ। ਮੈਂ ਤਾਂ ਇਹਦਾ ਨਾਮ ਵੀ ਸੋਚ ਲਿਆ ਸੀ, ਪਿਆਰ ਬਾਨੋ। ਵੈਸੇ ਨਾਮ ਕੀ ਏ ਏਸ ਬੱਚੀ ਦਾ। ਮੇਰੇ ਬਾਪੂ ਨੇ ਹੱਸ ਕੇ ਕਿਹਾ, ਨਾਮ ਰੱਖਿਆ ਨੀ ਸੀ ਅਜੇ ਪਰ ਹੁਣ ਪਿਆਰ ਕੌਰ ਰੱਖਾਂਗੇ।

ਮੇਰੇ ਬਾਪੂ ਨੇ ਪਿਆਰੋ ਨੂੰ ਘੁੱਟ ਕੇ ਕਾਲਜੇ ਨਾਲ ਲਾਇਆ ਤੇ ਲਿਆ ਕੇ ਮੈਨੂੰ ਫੜਾ ਦਿੱਤਾ। ਪਤਾ ਨੀ ਪਿਆਰ ਸੀ ਜਾਂ ਪਿਆਰੋ ਨੂੰ ਗੁਆਉਣ ਦਾ ਡਰ, ਮੈਂ ਵੀ ਦੁਬਾਰਾ ਸਾਰੇ ਰਸਤੇ ਇਹਨੂੰ ਗੋਦੀ ਚੁੱਕੀ ਆਈ ਭੋਰਾ ਨੀ ਥੱਕੀ।’’ ਗੱਲ ਸੁਣਾਉਂਦਿਆਂ ਮੇਰੀ ਨਾਨੀ ਤੇ ਪਿਆਰੋ ਬੀਬੀ ਦੋਵਾਂ ਦੀਆਂ ਅੱਖਾਂ ਨਮ ਸਨ। ਮੈਨੂੰ ਸੱਚੀਂ ਪਿਆਰੋ ਬੀਬੀ ਬਹੁਤ ਕਿਸਮਤ ਵਾਲੀ ਲੱਗੀ।

ਜਗਦੀਪ ਸਿੰਘ ਬੜਿੰਗ

Spread the love