ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਲਾਹੌਰ ਕੋਰ ਕਮਾਂਡਰ ਹਾਊਸ ਸਮੇਤ ਫੌਜੀ ਅਦਾਰਿਆਂ ‘ਤੇ ਹਮਲਿਆਂ ਦੀ ਯੋਜਨਾ ਬਣਾਉਣ ਦਾ ਦੋਸ਼ੀ ਪਾਇਆ ਗਿਆ ਹੈ। ਸਰਕਾਰੀ ਵਕੀਲ ਨੇ ਸ਼ੁੱਕਰਵਾਰ ਨੂੰ ਅੱਤਵਾਦ ਵਿਰੋਧੀ ਅਦਾਲਤ (ਏ.ਟੀ.ਸੀ.) ‘ਚ ਇਹ ਗੱਲ ਕਹੀ। ਲਾਹੌਰ ਦੀ ਅੱਤਵਾਦ ਵਿਰੋਧੀ ਅਦਾਲਤ ਨੇ ਪੰਜ ਅੱਤਵਾਦ ਮਾਮਲਿਆਂ ‘ਚ ਖਾਨ ਦੀ ਅਗਾਊਂ ਜ਼ਮਾਨਤ 8 ਅਗਸਤ ਤੱਕ ਵਧਾ ਦਿੱਤੀ ਹੈ।
ਇੱਕ ਵਿਸ਼ੇਸ਼ ਵਕੀਲ ਨੇ ਸ਼ੁੱਕਰਵਾਰ ਨੂੰ ਏਟੀਸੀ ਨੂੰ ਦੱਸਿਆ ਕਿ ਪੰਜਾਬ ਪੁਲਸ ਦੀ ਇੱਕ ਸਾਂਝੀ ਜਾਂਚ ਟੀਮ (ਜੇਆਈਟੀ) ਨੇ 9 ਮਈ ਨੂੰ ਫੌਜ ਅਤੇ ਦੇਸ਼ ਦੀਆਂ ਇਮਾਰਤਾਂ ‘ਤੇ ਹੋਏ ਹਮਲਿਆਂ ਦੀ ਜਾਂਚ ਪੂਰੀ ਕਰ ਲਈ ਹੈ ਅਤੇ ਇਮਰਾਨ ਖਾਨ ਨੂੰ ਹਿੰਸਾ ਭੜਕਾਉਣ ਅਤੇ ਹੋਰ ਦੋਸ਼ਾਂ ਦਾ ਦੋਸ਼ੀ ਪਾਇਆ ਹੈ। ਖ਼ਾਨ ਸਖ਼ਤ ਸੁਰੱਖਿਆ ਵਿਚਕਾਰ ਅਦਾਲਤ ‘ਚ ਪੇਸ਼ ਹੋਏ।
ਸਰਕਾਰੀ ਵਕੀਲ ਫਰਹਾਦ ਅਲੀ ਸ਼ਾਹ ਨੇ ਕਿਹਾ ਕਿ ਖਾਨ 9 ਮਈ ਦੇ ਹਮਲਿਆਂ ਦੀ ਸਾਜ਼ਿਸ਼ ਰਚਣ ਦਾ ਦੋਸ਼ੀ ਸੀ ਅਤੇ ਸਬੂਤ ਇਕੱਠੇ ਕਰਨ ਲਈ ਉਸ ਦੀ ਗ੍ਰਿਫਤਾਰੀ ਜ਼ਰੂਰੀ ਸੀ। ਏਟੀਸੀ ਜੱਜ ਅਬਰ ਗੁਲ ਖਾਨ ਨੇ ਖਾਨ ਦੀ ਅਗਾਊਂ ਜ਼ਮਾਨਤ 8 ਅਗਸਤ ਤੱਕ ਵਧਾ ਦਿੱਤੀ ਅਤੇ ਸਰਕਾਰੀ ਵਕੀਲ ਨੂੰ ਅਗਲੀ ਸੁਣਵਾਈ ‘ਤੇ ਹੋਰ ਦਲੀਲਾਂ ਪੇਸ਼ ਕਰਨ ਦਾ ਨਿਰਦੇਸ਼ ਦਿੱਤਾ।
