ਵੱਡੀ ਗਿਣਤੀ ਨਾਜਾਇਜ਼ ਤਰੀਕੇ ਨਾਲ ਦਾਖਲ ਹੋਏ ਸ਼ਰਨਾਰਥੀਆਂ ਨੇ ਕੈਨੇਡਾ ਵਿਚ 2023 ਦੌਰਾਨ 1 ਲੱਖ 47 ਹਜ਼ਾਰ ਕਦਮ ਰੱਖਿਆ ਏ। ਸ਼ਰਨਾਰਥੀਆਂ ਦੀ ਆਮਦ ਦੇ ਮਾਮਲੇ ਵਿਚ ਅਮਰੀਕਾ, ਜਰਮਨੀ, ਮਿਸਰ ਅਤੇ ਸਪੇਨ ਤੋਂ ਬਾਅਦ ਕੈਨੇਡਾ ਨੂੰ ਪੰਜਵਾਂ ਸਥਾਨ ਮਿਲਿਆ ਹੈ। 2022 ਵਿਚ ਕੈਨੇਡਾ 9ਵੇਂ ਸਥਾਨ ‘ਤੇ ਸੀ ਅਤੇ ਉਸ ਵਰ੍ਹੇ ਦੌਰਾਨ 94 ਹਜ਼ਾਰ ਸ਼ਰਨਾਰਥੀ ਪੁੱਜੇ ਸਨ। ਨਾਜਾਇਜ਼ ਤਰੀਕੇ ਨਾਲ ਮੁਲਕ ਵਿਚ ਦਾਖਲ ਹੋ ਰਹੇ ਰਫਿਊਜੀਆਂ ਜਾਂ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਘਟਾਉਣ ਲਈ ਕੈਨੇਡਾ ਸਰਕਾਰ ਕਈ ਕਦਮ ਉਠਾ ਚੁੱਕੀ ਹੈ ਪਰ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਮਾਰਚ 2023 ਵਿਚ ਅਮਰੀਕਾ ਨਾਲ ਤੀਜੀ ਧਿਰ ਸੰਧੀ ਦਾ ਘੇਰਾ ਵਧਾਉਂਦਿਆਂ ਕਿਊਬੈਕ ਦਾ ਰੋਕਸਮ ਰੋਡ ਲਾਂਘਾ ਬੰਦ ਕਰ ਦਿਤਾ ਗਿਆ ਅਤੇ ਜ਼ਮੀਨੀ ਰਸਤੇ ਆਉਣ ਵਾਲਿਆਂ ਨੂੰ ਸਿੱਧੇ ਤੌਰ ‘ਤੇ ਵਾਪਸ ਭੇਜਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ। ਸੰਯੁਕਤ ਰਾਸ਼ਟਰ ਵਿਚ ਰਫਿਊਜੀ ਮਾਮਲਿਆਂ ਦੇ ਹਾਈ ਕਮਿਸ਼ਨਰ ਵੱਲੋਂ ਜਾਰੀ ਤਾਜ਼ਾ ਰਿਪੋਰਟ ਕਹਿੰਦੀ ਹੈ ਕਿ ਪਿਛਲੇ ਸਾਲ ਅਮਰੀਕਾ ਵਿਚ 12 ਲੱਖ ਸ਼ਰਨਾਰਥਦੀ ਦਾਖਲ ਹੋਏ ਜਦਕਿ ਜਰਮਨੀ ਵਿਚ ਕਦਮ ਰੱਖਣ ਵਾਲਿਆਂ ਦਾ ਅੰਕੜਾ 3 ਲੱਖ 29 ਹਜ਼ਾਰ ਦਰਜ ਕੀਤਾ ਗਿਆ। ਮਿਸਰ ਵਿਚ 1 ਲੱਖ 83 ਹਜ਼ਾਰ ਸ਼ਰਨਾਰਥੀ ਦਾਖਲ ਹੋਏ ਅਤੇ ਸਪੇਨ ਵਿਚ 1 ਲੱਖ 63 ਹਜ਼ਾਰ ਵਿਦੇਸ਼ੀ ਨਾਗਰਿਕਾਂ ਨੇ ਪਨਾਹ ਮੰਗੀ। ਸੰਯੁਕਤ ਰਾਸ਼ਟਰ ਦੀ ਰਿਪੋਰਟ ਕਹਿੰਦੀ ਹੈ ਕਿ 2023 ਦੌਰਾਨ ਦੁਨੀਆਂ ਵਿਚ 11 ਕਰੋੜ 73 ਲੱਖ ਲੋਕ ਉਜਾੜੇ ਦਾ ਸ਼ਿਕਾਰ ਬਣੇ ਜਦਕਿ 2022 ਵਿਚ 10 ਕਰੋੜ 84 ਲੱਖ ਲੋਕਾਂ ਨੂੰ ਆਪਣਾ ਘਰ-ਬਾਰ ਛੱਡਣਾ ਪਿਆ।