ਓਡੀਸ਼ਾ ’ਚ ਚੱਕਰਵਾਤੀ ਤੂਫਾਨ ‘ਦਾਨਾ’ ਅਤੇ ਮੀਂਹ ਕਾਰਨ 1.75 ਲੱਖ ਏਕੜ ਜ਼ਮੀਨ ’ਤੇ ਫਸਲਾਂ ਤਬਾਹ ਹੋਣ ਅਤੇ 2.80 ਲੱਖ ਏਕੜ ਜ਼ਮੀਨ ਪਾਣੀ ’ਚ ਡੁੱਬਣ ਦੀ ਸੰਭਾਵਨਾ ਹੈ। ਇਕ ਸੀਨੀਅਰ ਅਧਿਕਾਰੀ ਨੇ ਸ਼ੁਰੂਆਤੀ ਅਨੁਮਾਨਾਂ ਦਾ ਹਵਾਲਾ ਦਿੰਦੇ ਹੋਏ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ।ਅਧਿਕਾਰੀ ਨੇ ਦਸਿਆ ਕਿ ਸੂਬਾ ਸਰਕਾਰ ਨੇ ਖੇਤੀਬਾੜੀ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਚੱਕਰਵਾਤ ਕਾਰਨ ਫਸਲਾਂ ਦੇ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਦੇ ਹੁਕਮ ਦਿਤੇ ਹਨ। ਖੇਤੀਬਾੜੀ ਅਤੇ ਕਿਸਾਨ ਸਸ਼ਕਤੀਕਰਨ ਵਿਭਾਗ ਦੇ ਪ੍ਰਮੁੱਖ ਸਕੱਤਰ ਅਰਬਿੰਦ ਪਾਧੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਸ਼ੁਰੂਆਤੀ ਰੀਪੋਰਟਾਂ ਅਨੁਸਾਰ ਭਿਆਨਕ ਚੱਕਰਵਾਤੀ ਤੂਫਾਨ ‘ਦਾਨਾ’ ਕਾਰਨ 1,75,000 ਏਕੜ (69,995 ਹੈਕਟੇਅਰ) ਜ਼ਮੀਨ ’ਤੇ ਫੈਲੀਆਂ ਫਸਲਾਂ ਦੇ ਤਬਾਹ ਹੋਣ ਦੀ ਸੰਭਾਵਨਾ ਹੈ।ਅੰਦਾਜ਼ਨ 2,80,000 ਏਕੜ (1,12,310 ਹੈਕਟੇਅਰ) ਜ਼ਮੀਨ ’ਤੇ ਫਸਲਾਂ ਦੇ ਪਾਣੀ ’ਚ ਡੁੱਬਣ ਦਾ ਸ਼ੱਕ ਹੈ।
