ਮੁੰਬਈ ਵਿਚ ‘ਦਹੀਂ ਹਾਂਡੀ’ ਦੇ ਜਸ਼ਨਾਂ ਵਜੋਂ ਹਵਾ ਵਿਚ ਲਟਕਦੀ ਮਟਕੀ ਫੋੜਨ ਲਈ ਬਹੁ-ਮੰਜ਼ਿਲੀ ਮਨੁੱਖੀ ਪਿਰਾਮਿਡ ਬਣਾਉਣ ਮੌਕੇ ਘੱਟੋ-ਘੱਟ 106 ਨੌਜਵਾਨ ਜ਼ਖ਼ਮੀ ਹੋ ਗਏ। ਇਨ੍ਹਾਂ ਨੂੰ ਇਲਾਜ ਲਈ ਬ੍ਰਿਹਨਮੁੰਬਈ ਮਿਉਂਸਿਪਲ ਕਾਰਪੋਰੇਸ਼ਨ (ਬੀਐੱਮਸੀ) ਵੱਲੋਂ ਚਲਾਦੇ ਜਾਂਦੇ ਤੇ ਨਿੱਜੀ ਹਸਪਤਾਲਾਂ ਵਿਚ ਭਰਤੀ ਕੀਤਾ ਗਿਆ ਹੈ। ਨਿਗਮ ਅਧਿਕਾਰੀ ਨੇ ਕਿਹਾ ਕਿ ਸ਼ਹਿਰ ਵਿਚ ਵੱਖ ਵੱਖ ਥਾਈਂ ਰੱਖੇ ‘ਦਹੀਂ ਹਾਂਡੀ’ ਸਮਾਗਮਾਂ ਦੌਰਾਨ ਸ਼ਾਮ ਤਿੰਨ ਵਜੇ ਤੱਕ 106 ਗੋਵਿੰਦਿਆਂ ਦੇ ਸੱਟਾਂ ਫੇਟਾਂ ਲੱਗਣ ਦੀਆਂ ਰਿਪੋਰਟਾਂ ਹਨ। ਜ਼ਖ਼ਮੀਆਂ ਵਿਚੋਂ 8 ਨੂੰ ਵੱਖ ਵੱਖ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ ਤੇ 26 ਦਾ ਓਪੀਡੀਜ਼ ਵਿਚ ਇਲਾਜ ਕੀਤਾ ਗਿਆ। ਸੱਤ ਹੋਰਨਾਂ ਨੂੰ ਇਲਾਜ ਮਗਰੋਂ ਹਸਪਤਾਲ ’ਚੋਂ ਛੁੱਟੀ ਦੇ ਦਿੱਤੀ ਗਈ। ਅੱਠ ਨੌਜਵਾਨਾਂ ਵਿਚੋਂ ਤਿੰਨ ਨੂੰ ਰਾਜਾਵਾੜੀ ਹਸਪਤਾਲ ਤੇ ਬਾਕੀਆਂ ਨੂੰ ਕੇਈਐੱਮ ਹਸਪਤਾਲ, ਸੇਂਟ ਜੌਰਜ ਹਸਪਤਾਲ, ਐੱਮਟੀ ਹਸਪਤਾਲ ਤੇ ਕੁਰਲਾ ਭਾਬਾ ਹਸਪਤਾਲ ਦਾਖ਼ਲ ਕੀਤਾ ਗਿਆ ਹੈ।