ਗਰਮੀ ਦੇ ਕਹਿਰ ਦੌਰਾਨ ਦੇਸ਼ ਦੇ ਵੱਡੇ ਹਿੱਸੇ ’ਚ ਗਰਮੀ ਕਾਰਨ 114 ਲੋਕਾਂ ਦੀ ਮੌਤ ਹੋ ਗਈ ਅਤੇ 40,984 ਤੋਂ ਵੱਧ ਲੋਕਾਂ ਗਰਮੀ ਦੀ ਲਪੇਟ ’ਚ ਆਏ ਹਨ।ਇਹ ਅੰਕੜੇ ਇਸ ਸਾਲ 1 ਮਾਰਚ ਤੋਂ 18 ਜੂਨ ਤੱਕ ਦੇ ਹਨ। ਬਿਮਾਰੀਆਂ ਦੀ ਰੋਕਥਾਮ ਬਾਰੇ ਕੌਮੀ ਸੰਸਥਾ (ਐੱਨਸੀਡੀਸੀ) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਲੂ ਕਾਰਨ ਨਾਲ ਸਭ ਤੋਂ ਵੱਧ 37 ਮੌਤਾਂ ਉੱਤਰ ਪ੍ਰਦੇਸ਼ ਵਿੱਚ ਹੋਈਆਂ ਹਨ, ਜਿਸ ਤੋਂ ਬਿਹਾਰ, ਰਾਜਸਥਾਨ ਤੇ ਉੜੀਸਾ ਦਾ ਨੰਬਰ ਹੈ। ਸੂਬਿਆਂ ਵੱਲੋਂ ਅੰਕੜੇ ਅੰਤਿਮ ਰੂਪ ’ਚ ਨਹੀਂ ਦਿੱਤੇ ਜਾ ਸਕਦੇ। ਇਸ ਕਰਕੇ ਇਹ ਅੰਕੜਾ ਇਸ ਤੋਂ ਵੱਧ ਹੋ ਸਕਦਾ ਹੈ। ਅੰਕੜਿਆਂ ਮੁਤਾਬਕ ਦੇਸ਼ ’ਚ ਲੂ ਲੱਗਣ ਕਾਰਨ 19 ਜੂਨ ਨੂੰ ਚਾਰ ਮੌਤਾਂ ਹੋਈਆਂ। ਦੂਜੇ ਪਾਸੇ ਕੇਂਦਰੀ ਸਿਹਤ ਮੰਤਰੀ ਜੇ.ਪੀ. ਨੱਢਾ ਨੇ ਅਧਿਕਾਰੀਆਂ ਨੂੰ ਸਰਕਾਰੀ ਹਸਪਤਾਲਾਂ ’ਚ ਲੂ ਕਾਰਨ ਪ੍ਰਭਾਵਿਤ ਮਰੀਜ਼ਾਂ ਬਾਰੇ ਵੱਖਰੇ ਪ੍ਰਬੰਧਾਂ ਦੀ ਨਜ਼ਰਸਾਨੀ ਕਰਨ ਦੀ ਹਦਾਇਤ ਕੀਤੀ ਹੈ।
