ਬੀਸੀਸੀਆਈ ਟੀ-20 ਵਿਸ਼ਵ ਕੱਪ ’ਚ ਭਾਰਤ ਦੀ ਇਤਿਹਾਸਕ ਖਿਤਾਬੀ ਜਿੱਤ ਦੀ ਸ਼ਲਾਘਾ ਕਰਦਿਆਂ ਟੀਮ ਨੂੰ 125 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਭਾਰਤ ਨੇ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ ਸੱਤ ਦੌੜਾਂ ਨਾਲ ਹਰਾ ਕੇ ਆਪਣਾ ਦੂਜਾ ਟੀ-20 ਵਿਸ਼ਵ ਕੱਪ ਖ਼ਿਤਾਬ ਜਿੱਤਿਆ ਹੈ। ਵਿਰਾਟ ਕੋਹਲੀ, ਰੋਹਿਤ ਸ਼ਰਮਾ ਤੇ ਰਵਿੰਦਰ ਜਡੇਜਾ ਵੱਲੋਂ ਟੀ-20 ਕ੍ਰਿਕਟ ਤੋਂ ਸੰਨਿਆਸ ਲੈਣ ਦੇ ਕੀਤੇ ਐਲਾਨ ਨਾਲ ਭਾਰਤੀ ਕ੍ਰਿਕਟ ਦੇ ਇਕ ਯੁੱਗ ਦਾ ਅੰਤ ਹੋ ਗਿਆ ਹੈ। ਭਾਰਤੀ ਟੀਮ ਦੇ ਇਨ੍ਹਾਂ ਸਟਾਰ ਖਿਡਾਰੀਆਂ ਨੇ ਟੀ-20 ਕ੍ਰਿਕਟ ਨੂੰ ਅਲਵਿਦਾ ਆਖਣ ਦਾ ਐਲਾਨ ਸਹੀ ਸਮੇਂ ’ਤੇ ਕੀਤਾ ਹੈ, ਜਿਸ ਨਾਲ ਭਾਰਤੀ ਟੀਮ ਮੈਨੇਜਮੈਂਟ ਨੂੰ 2026 ਵਿਚ ਭਾਰਤ ’ਚ ਖੇਡੇ ਜਾਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਨੌਜਵਾਨ ਤੇ ਉਭਰਦੇ ਖਿਡਾਰੀਆਂ ਨਾਲ ਲੈਸ ਟੀਮ ਬਣਾਉਣ ਵਾਸਤੇ ਯੋਜਨਾਬੰਦੀ ਲਈ ਚੋਖਾ ਸਮਾਂ ਮਿਲ ਜਾਵੇਗਾ। ਬੀਸੀਸੀਆਈ ਦੇ ਪ੍ਰਧਾਨ ਰੌਜਰ ਬਿਨੀ ਨੇ ਕਿਹਾ, ‘‘ਸਮਾਂ ਲੱਗੇਗਾ, ਪਰ ਅਗਲੇ ਦੋ ਤਿੰਨ ਸਾਲਾਂ ਵਿਚ ਅਸੀਂ ਇਨ੍ਹਾਂ ਸਟਾਰ ਖਿਡਾਰੀਆਂ ਤੋਂ ਬਗੈਰ ਟੀਮ ਤਿਆਰ ਕਰ ਲਵਾਂਗੇ।’’