ਨਿਊਯਾਰਕ, 7 ਸਤੰਬਰ (ਰਾਜ ਗੋਗਨਾ)- ਡੌਕੀ ਲਾ ਕੇ ਅਮਰੀਕਾ ਚ’ ਦਾਖਲ ਹੋਣ ਲਈ 130 ਭਾਰਤੀ ਗੈਰ-ਕਾਨੂੰਨੀ ਤਰੀਕੇ ਨਾਲ ਬ੍ਰਾਜ਼ੀਲ ਅਤੇ ਸੂਰੀਨਾਮ। ਜੰਗਲਾਂ ਤੋਂ ਅਮਰੀਕਾ ਜਾ ਰਹੇ ਸਨ। ਉਹਨਾਂ ਨੂੰ ਪਨਾਮਾ ਦੇਸ਼ ਦੀ ਪੁਲਿਸ ਵੱਲੋ ਡਿਪੋਰਟ ਕਰਕੇ ਪਨਾਮਾ ਤੋਂ ਉਡਾਣ ਭਰ ਕੇ ਨਵੀਂ ਦਿੱਲੀ(ਭਾਰਤ )ਭੇਜ ਦਿੱਤਾ ਗਿਆ ਹੈ।ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਪਨਾਮਾ ਨੇ ਦਿੱਲੀ ਲਈ ਡਿਪੋਰਟੇਸ਼ਨ ਫਲਾਈਟ ਰਾਹੀਂ 130 ਭਾਰਤੀਆਂ ਨੂੰ ਸਿੱਧਾ ਦੇਸ਼ ਨਿਕਾਲਾ (ਡਿਪੋਰਟ ) ਕਰਕੇ ਭੇਜਿਆ ਹੈ। ਇਸ ਫਲਾਈਟ ਨੇ ਸ਼ੁੱਕਰਵਾਰ ਨੂੰ ਪਨਾਮਾ ਤੋਂ ਉਡਾਣ ਭਰੀ ਸੀ, ਹਾਲ ਹੀ ਦੇ ਸਾਲਾਂ ਵਿੱਚ ਇਹ ਸ਼ਾਇਦ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਦੇਸ਼ ਤੋਂ ਦੇਸ਼ ਨਿਕਾਲਾ (ਡਿਪੋਰਟ ) ਕਰਕੇ ਭਾਰਤ ਉਡਾਣ ਭੇਜੀ ਗਈ ਹੋਵੇ।ਇੱਥੇ ਜਿਕਰਯੋਗ ਹੈ ਕਿ ਭਾਰਤੀਆਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਲਿਜਾ ਰਹੀ ਇਕ ਚਾਰਟਰ ਫਲਾਈਟ ਨੂੰ ਦਸੰਬਰ 2023 ‘ਚ ਫਰਾਂਸ ‘ਚ ਰੋਕ ਕੇ ਮੁੰਬਈ (ਭਾਰਤ ) ਵਾਪਸ ਲਿਆਂਦਾ ਗਿਆ ਸੀ ਪਰ ਫਿਰ ਸਾਰਾ ਮਾਮਲਾ ਠੰਡਾ ਪੈ ਗਿਆ ਸੀ। ਗੈਰਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਪਹੁੰਚਣ ਲਈ ਪ੍ਰਵਾਸੀ ਡੈਰੀਅਨ ਗੈਪ ਲਾਈਨ ਨੂੰ ਪਾਰ ਕਰਨ ਲਈ ਇਹ ਪ੍ਰਵਾਸੀ ਪਨਾਮਾ ਰਾਹੀਂ ਜਾਂਦੇ ਹਨ, ਪਰ ਅਮਰੀਕਾ ਨੇ ਅਜਿਹੇ ਪ੍ਰਵਾਸੀਆਂ ਨੂੰ ਮੈਕਸੀਕੋ ਪਹੁੰਚਣ ਤੋਂ ਰੋਕਣ ਲਈ ਅਮਰੀਕਾ ਨੇ ਜੁਲਾਈ ਦੇ ਮਹੀਨੇ ਵਿੱਚ ਪਨਾਮਾ ਦੇ ਨਾਲ ਮਿਲ ਕੇ ਇੱਕ ਸਮਝੋਤਾ ਮਿਸ਼ਨ ਸ਼ੁਰੂ ਕੀਤਾ ਸੀ। ਪਨਾਮਾ ਨੇ ਇਸ ਮਿਸ਼ਨ ਦੇ ਤਹਿਤ ਭਾਰਤ ਲਈ ਪਹਿਲੀ ਡਿਪੋਰਟੇਸ਼ਨ ਫਲਾਈਟ ਭੇਜੀ ਹੈ, ਪਰ ਇਸ ਤੋਂ ਪਹਿਲਾਂ ਵੀ ਕਈ ਭਾਰਤੀਆਂ ਨੂੰ ਵੱਖ-ਵੱਖ ਮਾਮਲਿਆਂ ਵਿੱਚ ਡਿਪੋਰਟ ਕੀਤਾ ਗਿਆ ਹੈ।ਪਨਾਮਾ ਨੇ ਇਸ ਤੋਂ ਪਹਿਲੇ ਸਪੈਨਿਸ ਦੇਸ਼ ਕੋਲੰਬੀਆ ਲਈ ਵੀ ਪਹਿਲੀ ਡਿਪੋਰਟੇਸ਼ਨ ਫਲਾਈਟ ਭੇਜੀ ਸੀ ਅਤੇ ਫਿਰ ਪਨਾਮਾ ਦੀ ਸਰਕਾਰ ਨੇ ਨਾਲ ਲੱਗਦੇ ਹੋਰ ਦੱਖਣੀ ਅਮਰੀਕੀ ਦੇਸ਼ਾਂ ਦੇ ਨਾਲ-ਨਾਲ ਭਾਰਤ ਅਤੇ ਚੀਨ ਨੂੰ ਵੀ ਦੇਸ਼ ਨਿਕਾਲੇ ਦੀਆਂ ਉਡਾਣਾਂ ਭੇਜਣ ਦਾ ਐਲਾਨ ਕਰ ਦਿੱਤਾ ਹੈ। ਪਨਾਮਾ ਦੀ ਸਰਕਾਰ ਨੇ ਪਹਿਲਾਂ ਕਿਹਾ ਸੀ ਕਿ ਭਾਰਤ ਲਈ ਇੱਕ ਭਾਰਤੀਆਂ ਦੀ ਡਿਪੋਰਟੇਸ਼ਨ ਫਲਾਈਟ 04 ਸਤੰਬਰ ਨੂੰ ਰਵਾਨਾ ਹੋਵੇਗੀ, ਪਰ ਫਲਾਈਟ ਨੇ ਆਪਣੇ ਨਿਰਧਾਰਤ ਸਮੇਂ ਤੋਂ ਦੋ ਦਿਨ ਬਾਅਦ ਨਵੀਂ ਦਿੱਲੀ ਦੀ ਉਡਾਣ ਭਰੀ।ਸੂਤਰਾਂ ਦੀ ਮੰਨੀਏ ਤਾਂ ਪੰਜਾਬੀ,ਗੁਜਰਾਤੀ, ਹਰਿਆਣਵੀ ਸਮੇਤ ਭਾਰਤੀ ਸੂਰੀਨਾਮ ਜੰਗਲ ਪਾਰ ਕਰਕੇ ਅਤੇ ਬ੍ਰਾਜ਼ੀਲ ‘ਚ ਉਤਰਨ ਤੋਂ ਬਾਅਦ ਪਨਾਮਾ ਦੇ ਰਸਤੇ ਅਮਰੀਕਾ ਜਾ ਰਹੇ ਸਨ, ਪਿਛਲੇ ਚਾਰ-ਪੰਜ ਮਹੀਨਿਆਂ ‘ਚ ਬ੍ਰਾਜ਼ੀਲ ਜਾਣ ਵਾਲੇ ਭਾਰਤੀਆਂ ਦੀ ਗਿਣਤੀ ‘ਚ ਵੀ ਕਾਫੀ ਵਾਧਾ ਹੋਇਆ ਸੀ।ਹਾਲਾਂਕਿ ਅਮਰੀਕਾ ਦੇ ਕਹਿਣ ‘ਤੇ ਬ੍ਰਾਜ਼ੀਲ ਦੇਸ਼ ਨੇ ਅਗਸਤ ਮਹੀਨੇ ‘ਚ ਹੀ ਭਾਰਤੀਆਂ ਨੂੰ ਟੂਰਿਸਟ ਵੀਜ਼ਾ ਅਤੇ ਸ਼ਰਨ ਦੇਣ ਦੇ ਨਿਯਮ ਵੀ ਸਖਤ ਕਰ ਦਿੱਤੇ ਸਨ। ਇਸ ਤੋਂ ਇਲਾਵਾ, ਅਮਰੀਕਾ ਨੇ ਨਿਕਾਰਾਗੁਆ ਲਈ ਚਾਰਟਰ ਉਡਾਣਾਂ ਨੂੰ ਵੀ ਰੋਕ ਦਿੱਤਾ ਹੈ, ਜਿਸ ਨਾਲ ਕਾਨੂੰਨੀ ਤੌਰ ‘ਤੇ ਅਮਰੀਕਾ ਤੱਕ ਪਹੁੰਚਣ ਦਾ ਉਹਨਾਂ ਲਈ ਕੋਈ ਰਸਤਾ ਨਹੀਂ ਬਚਿਆ ਹੈ।