17 ਰਹੱਸਮਈ ਮੌਤਾਂ: ਪਿੰਡ ਦੀਆਂ ਸਰਹੱਦਾਂ ਸੀਲ

ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਪਿੰਡ ਬੱਦਲ ਨੂੰ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਹੈ ਤੇ ਇਸ ਦੌਰਾਨ ਪਿੰਡ ਵਿਚ ਕਿਸੇ ਵੀ ਜਨਤਕ ਤੇ ਨਿੱਜੀ ਇਕੱਠ ’ਤੇ ਮੁਕੰਮਲ ਰੋਕ ਰਹੇਗੀ। ਦੱਸ ਦੇਈਏ ਕਿ ਪਿੰਡ ਵਿਚ ਰਹਿੰਦੇ ਤਿੰਨ ਪਰਿਵਾਰਾਂ ਦੇ 17 ਜੀਆਂ ਦੀ ਪਿਛਲੇ ਦਿਨਾਂ ਵਿਚ ਰਹੱਸਮਈ ਢੰਗ ਨਾਲ ਮੌਤ ਹੋ ਗਈ ਸੀ। ਅਧਿਕਾਰੀਆਂ ਮੁਤਾਬਕ ਪਿੰਡ ਦੇ ਹੀ ਇਕ ਹੋਰ ਨੌਜਵਾਨ ਨੂੰ ਲੰਘੇ ਦਿਨ ਗੰਭੀਰ ਹਾਲਤ ਵਿਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪਿੰਡ ਦੀਆਂ ਸਰਹੱਦਾਂ ਸੀਲ ਕਰਨ ਦੇ ਹੁਕਮ ਭਾਰਤੀ ਨਾਗਰਿਕ ਸੁਰਕਸ਼ਾ ਸੰਹਿਤਾ (ਬੀਐੱਨਐੱਸਐੱਸ) ਦੀ ਧਾਰਾ 163 ਤਹਿਤ ਦਿੱਤੇ ਗਏ ਹਨ।ਵਧੀਕ ਜ਼ਿਲ੍ਹਾ ਮੈਜਿਸਟਰੇਟ (ਰਾਜੌਰੀ) ਰਾਜੀਵ ਕੁਮਾਰ ਖਜੂਰੀਆ ਵੱਲੋਂ ਜਾਰੀ ਹੁਕਮਾਂ ਮੁਤਾਬਕ ਪਿੰਡ ਨੂੰ ਤਿੰਨ ਕੰਟੇਨਮੈਂਟ ਜ਼ੋਨਾਂ ਵਿਚ ਵੰਡਿਆ ਗਿਆ ਹੈ। ਪਹਿਲੀ ਜ਼ੋਨ ਵਿਚ ਉਨ੍ਹਾਂ ਸਾਰੇ ਪਰਿਵਾਰਾਂ ਦੇ ਘਰ ਆਉਂਦੇ ਹਨ, ਜਿਨ੍ਹਾਂ ਦੇ ਜੀਆਂ ਦੀ ਰਹੱਸਮਈ ਢੰਗ ਨਾਲ ਮੌਤ ਹੋਈ ਹੈ। ਇਨ੍ਹਾਂ ਪੀੜਤ ਪਰਿਵਾਰਾਂ ਦੇ ਘਰਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਤੇ ਮਨੋਨੀਤ ਅਧਿਕਾਰੀ ਦੀ ਪ੍ਰਵਾਨਗੀ ਤੋਂ ਬਗੈਰ ਪਰਿਵਾਰਕ ਮੈਂਬਰਾਂ ਸਣੇ ਕਿਸੇ ਵਿਅਕਤੀ ਵਿਸ਼ੇਸ਼ ਦੇ ਦਾਖ਼ਲੇ ’ਤੇ ਪੂਰੀ ਤਰ੍ਹਾਂ ਰੋਕ ਰਹੇਗੀ।ਕੰਟੇਨਮੈਂਟ ਜ਼ੋਨ 2 ਵਿੱਚ ਪੀੜਤ ਵਿਅਕਤੀਆਂ ਦੇ ਨਜ਼ਦੀਕੀ ਸੰਪਰਕਾਂ ਵਜੋਂ ਪਛਾਣੇ ਗਏ ਸਾਰੇ ਪਰਿਵਾਰਾਂ ਦੇ ਮੈਂਬਰਾਂ ਨੂੰ ਲਗਾਤਾਰ ਸਿਹਤ ਨਿਗਰਾਨੀ ਲਈ ਸਰਕਾਰੀ ਮੈਡੀਕਲ ਕਾਲਜ, ਰਾਜੌਰੀ ਵਿੱਚ ਤਬਦੀਲ ਕੀਤਾ ਜਾਵੇਗਾ। ਪਿੰਡ ਵਿਚ ਬਾਕੀ ਬਚਦੇ ਸਾਰੇ ਘਰ ਕੰਟੇਨਮੈਂਟ ਜ਼ੋਨ-3 ਅਧੀਨ ਆਉਣਗੇ, ਜਿੱਥੇ ਲੋਕਾਂ ਦੇ ਖਾਣ ਪੀਣ ’ਤੇ ਨਿਰੰਤਰ ਨਿਗਰਾਨੀ ਯਕੀਨੀ ਬਣਾਈ ਜਾਵੇਗੀ। ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਪੁਲੀਸ ਕਰਮਚਾਰੀ ਤਾਇਨਾਤ ਰਹਿਣਗੇ। ਲੌਗ ਬੁੱਕ ਦੇ ਰੱਖ-ਰਖਾਓ ਲਈ ਮਨੋਨੀਤ ਅਧਿਕਾਰੀਆਂ ਦੀ ਤਾਇਨਾਤੀ ਨੂੰ ਯਕੀਨੀ ਬਣਾਉਣ ਲਈ ਸਟਾਫ ਤਾਇਨਾਤ ਕੀਤਾ ਜਾਵੇਗਾ।ਹੁਕਮਾਂ ਮੁਤਾਬਕ ਪੀੜਤ ਪਰਿਵਾਰ ਤੇ ਉਨ੍ਹਾਂ ਦੇ ਨੇੜਲੇ ਸਿਰਫ਼ ਪ੍ਰਸ਼ਾਸਨ ਵੱਲੋਂ ਦਿੱਤਾ ਖਾਣ-ਪਾਣੀ ਲੈਣਗੇ। ਮੁੱਖ ਮੰਤਰੀ ਉਮਰ ਅਬਦੁੱਲਾ ਨੇ ਮੰਗਲਵਾਰ ਨੂੰ ਪਿੰਡ ਦਾ ਦੌਰਾ ਕੀਤਾ ਸੀ। ਪਿਛਲੇ ਸਾਲ 7 ਦਸੰਬਰ ਤੋਂ 19 ਜਨਵਰੀ ਤੱਕ ਪਿੰਡ ਵਿਚ ਤਿੰਨ ਪਰਿਵਾਰਾਂ ਦੇ 17 ਜੀਆਂ ਦੀ ਰਹੱਸਮਈ ਢੰਗ ਨਾਲ ਮੌਤ ਹੋਈ ਹੈ। ਐਜਾਜ਼ ਅਹਿਮਦ (24) ਨਾਂ ਦੇ ਸ਼ਖ਼ਸ ਨੂੰ ਸਿਹਤ ਵਿਗੜਨ ਮਗਰੋਂ ਮੰਗਲਵਾਰ ਸ਼ਾਮ ਨੂੰ ਹਸਪਤਾਲ ਭਰਤੀ ਕੀਤਾ ਗਿਆ ਹੈ।

Spread the love