ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਿੰਨ ਵੱਡੇ ਦੇਸ਼ਾਂ ‘ਤੇ ਵਾਧੂ ਟੈਰਿਫ ਲਗਾ ਦਿੱਤੇ ਹਨ। ਟਰੰਪ ਨੇ ਕੈਨੇਡਾ ਅਤੇ ਮੈਕਸੀਕੋ ‘ਤੇ 25-25 ਫੀਸਦੀ ਅਤੇ ਚੀਨ ‘ਤੇ 10 ਫੀਸਦੀ ਟੈਰਿਫ ਲਗਾਇਆ ਹੈ। ਟੈਰਿਫ ਲਗਾਉਣ ਤੋਂ ਬਾਅਦ ਟਰੰਪ ਨੇ ਕਿਹਾ ਕਿ ਸਾਨੂੰ ਇਨ੍ਹਾਂ ਤਿੰਨਾਂ ਦੇਸ਼ਾਂ ਨਾਲ ਵਪਾਰਕ ਨੁਕਸਾਨ ਹੋਇਆ ਹੈ। ਟਰੰਪ ਨੇ ਕਿਹਾ ਕਿ ਉਹ ਇਸ ਗੱਲ ‘ਤੇ ਵਿਚਾਰ ਕਰਨਗੇ ਕਿ ਕੀ ਤੇਲ ਨੂੰ ਉਨ੍ਹਾਂ ਵਸਤਾਂ ਵਿਚ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ ਜਿਨ੍ਹਾਂ ‘ਤੇ ਟੈਰਿਫ ਲਗਾਏ ਜਾਣਗੇ। ਟਰੰਪ ਨੇ ਵ੍ਹਾਈਟ ਹਾਊਸ ਦੇ ਓਵਲ ਦਫਤਰ ਵਿਚ ਮੀਡੀਆ ਨੂੰ ਕਿਹਾ, ਸਾਨੂੰ ਅਜਿਹਾ ਇਸ ਲਈ ਕਰਨਾ ਪੈ ਰਿਹਾ ਹੈ ਕਿਉਂਕਿ ਸਾਨੂੰ ਇਨ੍ਹਾਂ ਦੇਸ਼ਾਂ ਤੋਂ ਭਾਰੀ ਨੁਕਸਾਨ ਹੋ ਰਿਹਾ ਹੈ। ਇਹ ਟੈਰਿਫ ਸਮੇਂ ਦੇ ਨਾਲ ਵਧ ਸਕਦੇ ਹਨ ਜਾਂ ਨਹੀਂ ਵੀ। ਉਨ੍ਹਾਂ ਨੇ ਟੈਰਿਫ ਦੇ ਕਾਰਨਾਂ ਵਜੋਂ ਗੈਰ-ਕਾਨੂੰਨੀ ਇਮੀਗ੍ਰੇਸ਼ਨ, ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਘਾਟੇ ਦੇ ਰੂਪ ਵਿੱਚ ਕੈਨੇਡਾ ਅਤੇ ਮੈਕਸੀਕੋ ਨੂੰ ਦਿੱਤੀਆਂ ਵੱਡੀਆਂ ਸਬਸਿਡੀਆਂ ਦਾ ਹਵਾਲਾ ਦਿੱਤਾ ਹੈ।
