ਅਮਰੀਕਾ ਤੋਂ ਡਿਪੋਰਟ ਕੀਤੇ ਕੁਝ ਭਾਰਤੀ ਪਨਾਮਾ ਪੁੱਜ ਗਏ ਹਨ। ਇਸ ਬਾਰੇ ਪਨਾਮਾ ਸਰਕਾਰ ਨੇ ਭਾਰਤ ਨੂੰ ਜਾਣਕਾਰੀ ਦਿੱਤੀ ਹੈ। ਪਨਾਮਾ ’ਚ ਭਾਰਤੀ ਮਿਸ਼ਨ ਸਥਾਨਕ ਸਰਕਾਰ ਨਾਲ ਮਿਲ ਕੇ ਡਿਪੋਰਟੀਆਂ ਦੀ ਸਲਾਮਤੀ ਯਕੀਨੀ ਬਣਾਉਣ ਲਈ ਕੰਮ ਕਰ ਰਿਹਾ ਹੈ। ਪਨਾਮਾ, ਕੋਸਟਾ ਰੀਕਾ ਅਤੇ ਨਿਕਾਰਾਗੁਆ ’ਚ ਸਥਿਤ ਭਾਰਤੀ ਅੰਬੈਸੀ ਨੇ ਅੱਜ ‘ਐਕਸ’ ’ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਪਰ ਇਸ ’ਚ ਪਨਾਮਾ ਪੁੱਜਣ ਵਾਲੇ ਭਾਰਤੀਆਂ ਦੀ ਗਿਣਤੀ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ। ਭਾਰਤੀਆਂ ਦਾ ਗਰੁੱਪ ਉਨ੍ਹਾਂ 299 ਪਰਵਾਸੀਆਂ ਦਾ ਹਿੱਸਾ ਹੈ, ਜਿਨ੍ਹਾਂ ਨੂੰ ਅਮਰੀਕੀ ਸਰਕਾਰ ਵੱਲੋਂ ਪਨਾਮਾ ਭੇਜਿਆ ਗਿਆ ਹੈ। ਰਾਸ਼ਟਰਪਤੀ ਜੋਸ ਰਾਊਲ ਮੁਲੀਨੋ ਨੇ ਇਸ ਗੱਲ ’ਤੇ ਸਹਿਮਤੀ ਜਤਾਈ ਸੀ ਕਿ ਡਿਪੋਰਟੀਆਂ ਲਈ ਪਨਾਮਾ ‘ਪੁਲ’ ਦੀ ਭੂਮਿਕਾ ਨਿਭਾਏਗਾ। ਟਰੰਪ ਪ੍ਰਸ਼ਾਸਨ ਨੇ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ’ਚ ਦਾਖ਼ਲ ਹੋਣ ਵਾਲੇ ਲੱਖਾਂ ਲੋਕਾਂ ਨੂੰ ਡਿਪੋਰਟ ਕਰਨ ਦਾ ਅਹਿਦ ਲਿਆ ਹੈ। ਪਨਾਮਾ, ਨਿਕਾਰਾਗੁਆ ਅਤੇ ਕੋਸਟ ਰੀਕਾ ’ਚ ਭਾਰਤੀ ਸਫ਼ਾਰਤਖਾਨੇ ਨੇ ‘ਐਕਸ’ ’ਤੇ ਪੋਸਟ ਕੀਤਾ, ‘‘ਪਨਾਮਾ ਦੇ ਅਧਿਕਾਰੀਆਂ ਨੇ ਸਾਨੂੰ ਦੱਸਿਆ ਹੈ ਕਿ ਅਮਰੀਕਾ ਤੋਂ ਭਾਰਤੀ ਨਾਗਰਿਕਾਂ ਦਾ ਇਕ ਗਰੁੱਪ ਪਨਾਮਾ ਪੁੱਜਾ ਹੈ। ਉਹ ਸੁਰੱਖਿਅਤ ਹਨ ਅਤੇ ਸਾਰੀਆਂ ਲੋੜੀਂਦੀਆਂ ਸਹੂਲਤਾਂ ਨਾਲ ਲੈਸ ਇਕ ਹੋਟਲ ’ਚ ਠਹਿਰਾਏ ਗਏ ਹਨ। ਸਫ਼ਾਰਤਖਾਨੇ ਦੀ ਟੀਮ ਨੇ ਉਨ੍ਹਾਂ ਤੱਕ ਪਹੁੰਚ ਬਣਾਉਣ ਦੀ ਇਜਾਜ਼ਤ ਮੰਗੀ ਹੈ। ਅਸੀਂ ਪਨਾਮਾ ਸਰਕਾਰ ਨਾਲ ਮਿਲ ਕੇ ਉਨ੍ਹਾਂ ਦੀ ਸਲਾਮਤੀ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਾਂ।’’ ਇਸ ਤੋਂ ਪਹਿਲਾਂ ਅਮਰੀਕਾ ਤੋਂ ਤਿੰਨ ਉਡਾਣਾਂ ਰਾਹੀਂ ਕੁੱਲ 333 ਭਾਰਤੀਆਂ ਨੂੰ ਵਤਨ ਭੇਜਿਆ ਜਾ ਚੁੱਕਿਆ ਹੈ। ਪਨਾਮਾ ਪਹੁੰਚਾਏ ਗਏ 299 ਗ਼ੈਰ-ਕਾਨੂੰਨੀ ਪਰਵਾਸੀਆਂ ’ਚੋਂ ਸਿਰਫ਼ 171 ਵਿਅਕਤੀਆਂ ਨੇ ਆਪਣੇ ਮੂਲ ਦੇਸ਼ ਪਰਤਣ ਦੀ ਸਹਿਮਤੀ ਦਿੱਤੀ ਹੈ। ਜਿਨ੍ਹਾਂ 98 ਡਿਪੋਰਟੀਆਂ ਨੇ ਆਪਣੇ ਮੁਲਕ ਵਾਪਸ ਜਾਣ ਤੋਂ ਇਨਕਾਰ ਕਰ ਦਿੱਤਾ ਸੀ, ਉਨ੍ਹਾਂ ਨੂੰ ਪਨਾਮਾ ਦੇ ਡੇਰੀਅਨ ਪ੍ਰਾਂਤ ਦੇ ਇਕ ਕੈਂਪ ’ਚ ਭੇਜਿਆ ਗਿਆ ਹੈ।
