ਪਿਛਲੇ ਕੁਝ ਦਿਨਾਂ ‘ਚ ਅੱਤਵਾਦੀਆਂ ਨੇ ਜੰਮੂ-ਕਸ਼ਮੀਰ ‘ਚ ਕਈ ਥਾਵਾਂ ‘ਤੇ ਫੌਜ ਦੇ ਜਵਾਨਾਂ ਨੂੰ ਨਿਸ਼ਾਨਾ ਬਣਾਇਆ ਹੈ। 9 ਜੂਨ ਨੂੰ ਰਿਆਸੀ ‘ਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਬੱਸ ‘ਤੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਸੀ, ਜਿਸ ‘ਚ 9 ਲੋਕ ਮਾਰੇ ਗਏ ਸਨ। ਇਸ ਤੋਂ ਬਾਅਦ ਕਠੂਆ ‘ਚ ਫੌਜ ਦੇ ਕਾਫਲੇ ‘ਤੇ ਹਮਲਾ ਕੀਤਾ ਗਿਆ। 15 ਜੁਲਾਈ ਨੂੰ ਡੋਡਾ ‘ਚ ਅੱਤਵਾਦੀਆਂ ਨੇ ਹਮਲਾ ਕੀਤਾ ਸੀ, ਜਿਸ ‘ਚ ਚਾਰ ਜਵਾਨ ਸ਼ਹੀਦ ਹੋ ਗਏ ਸਨ। ਹੁਣ ਅੱਤਵਾਦੀਆਂ ਨੂੰ ਖਤਮ ਕਰਨ ਲਈ ਫੌਜ ਨੇ ਜੰਮੂ ਖੇਤਰ ‘ਚ 3 ਹਜ਼ਾਰ ਵਾਧੂ ਜਵਾਨ ਤਾਇਨਾਤ ਕੀਤੇ ਹਨ। ਪੀਰ ਪੰਜਾਲ ਇਲਾਕੇ ‘ਚ ਜੰਗਲਾਂ ‘ਚ ਲੁਕੇ ਅੱਤਵਾਦੀਆਂ ਦਾ ਸਫਾਇਆ ਕਰਨ ਲਈ ਵੱਡੇ ਅਪ੍ਰੇਸ਼ਨ ਦੀ ਯੋਜਨਾ ਬਣਾਈ ਗਈ ਹੈ। ਥਲ ਸੈਨਾ ਮੁਖੀ ਜਨਰਲ ਉਪੇਂਦਰ ਦਿਵੇਦੀ ਸ਼ਨੀਵਾਰ ਨੂੰ ਇਸ ਖੇਤਰ ਦਾ ਦੌਰਾ ਕਰਨ ਜਾ ਰਹੇ ਹਨ। ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਦੇ ਅਨੁਸਾਰ, ਪਿਛਲੇ ਕੁਝ ਦਿਨਾਂ ਵਿੱਚ, ਜੰਮੂ ਖੇਤਰ ਵਿੱਚ ਇੱਕ ਹੈੱਡਕੁਆਰਟਰ ਬ੍ਰਿਗੇਡ, ਤਿੰਨ ਇਨਫੈਂਟਰੀ ਬਟਾਲੀਅਨ ਅਤੇ ਕੁਝ ਇਲੀਟ ਪੈਰਾ ਸਪੈਸ਼ਲ ਫੋਰਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ।
