ਛੱਤੀਸਗੜ੍ਹ ਦੇ ਬਸਤਰ ਇਲਾਕੇ ’ਚ ਸ਼ੁਕਰਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਮਾਰੇ ਗਏ 31 ਨਕਸਲੀਆਂ ’ਚੋਂ 16 ਦੀ ਪਛਾਣ ਸੀਨੀਅਰ ਨਕਸਲੀਆਂ ਦੇ ਰੂਪ ’ਚ ਹੋਈ ਹੈ, ਜਿਨ੍ਹਾਂ ’ਤੇ ਕੁਲ 1.30 ਕਰੋੜ ਰੁਪਏ ਦਾ ਇਨਾਮ ਸੀ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ।ਅਧਿਕਾਰੀ ਨੇ ਦਸਿਆ ਕਿ ਮਾਰੇ ਗਏ ਨਕਸਲੀਆਂ ’ਚ ਸੱਭ ਤੋਂ ਮਜ਼ਬੂਤ ਨਕਸਲੀ ਸੰਗਠਨ ਦੰਡਕਰਣਿਆ ਸਪੈਸ਼ਲ ਜ਼ੋਨਲ ਕਮੇਟੀ (ਡੀ.ਕੇ.ਐੱਸ.ਜੇਡ.ਸੀ.) ਦੀ ਮਹਿਲਾ ਮੈਂਬਰ ਨੀਤੀ ਉਰਫ ਉਰਮਿਲਾ ਦੇ ਸਿਰ ’ਤੇ 25 ਲੱਖ ਰੁਪਏ ਦਾ ਇਨਾਮ ਸੀ। ਉਨ੍ਹਾਂ ਕਿਹਾ ਕਿ ਉਹ ਇਸ ਸਾਲ ਰਾਜ ’ਚ ਸੁਰੱਖਿਆ ਕਰਮਚਾਰੀਆਂ ਨਾਲ ਮੁਕਾਬਲੇ ’ਚ ਮਾਰੀ ਗਈ ਡੀ.ਕੇ.ਐਸ.ਜੇਡ.ਸੀ. ਦੀ ਚੌਥੀ ਮੈਂਬਰ ਹੈ।ਪੁਲਿਸ ਇੰਸਪੈਕਟਰ ਜਨਰਲ (ਬਸਤਰ ਖੇਤਰ) ਸੁੰਦਰਰਾਜ ਪੀ. ਨੇ ਇਕ ਪ੍ਰੈਸ ਕਾਨਫਰੰਸ ’ਚ ਦਸਿਆ ਕਿ ਨਰਾਇਣਪੁਰ-ਦੰਤੇਵਾੜਾ ਜ਼ਿਲ੍ਹੇ ਦੀ ਸਰਹੱਦ ’ਤੇ ਥੁਲਥੁਲੀ ਅਤੇ ਨੇਂਦੂਰ ਪਿੰਡਾਂ ਦੇ ਵਿਚਕਾਰ ਅਬੂਝਮਾਡ ਇਲਾਕੇ ’ਚ ਨਕਸਲ ਵਿਰੋਧੀ ਮੁਹਿੰਮ ਦੌਰਾਨ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 13 ਔਰਤਾਂ ਸਮੇਤ 31 ਨਕਸਲੀ ਮਾਰੇ ਗਏ। ਸੁੰਦਰਰਾਜ ਨੇ ਦਸਿਆ ਕਿ ਮਾਰੇ ਗਏ 16 ਨਕਸਲੀਆਂ ਦੀ ਪਛਾਣ ਕਰ ਲਈ ਗਈ ਹੈ ਜਦਕਿ ਬਾਕੀਆਂ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ।