ਲੂ ਲੱਗਣ ਕਾਰਨ 25 ਚੋਣ ਮੁਲਾਜ਼ਮਾਂ ਸਣੇ 40 ਮੌਤਾਂ

ਉੱਤਰੀ ਭਾਰਤ ’ਚ ਗਰਮੀ ਦਾ ਕਹਿਰ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ ਬਿਹਾਰ, ਝਾਰਖੰਡ ਤੇ ਯੂਪੀ ’ਚ ਲੂ ਲੱਗਣ ਕਾਰਨ 40 ਵਿਅਕਤੀਆਂ ਦੀ ਮੌਤ ਹੋ ਗਈ ਹੈ ਜਿਨ੍ਹਾਂ ’ਚੋਂ 25 ਚੋਣ ਮੁਲਾਜ਼ਮ ਹਨ। ਵਾਰਾਣਸੀ ’ਚ ਚੋਣ ਸਮੱਗਰੀ ਲੈਣ ਮੌਕੇ ਇੱਕ ਮੁਲਾਜ਼ਮ ਬੇਸੁੱਧ ਹੋ ਕੇ ਡਿੱਗ ਪਿਆ। ਸ਼ੁੱਕਰਵਾਰ ਨੂੰ ਸਭ ਤੋਂ ਵਧ 17 ਮੌਤਾਂ ਯੂਪੀ ’ਚ ਹੋਈਆਂ ਹਨ। ਇਸੇ ਤਰ੍ਹਾਂ ਬਿਹਾਰ ’ਚ 14, ਉੜੀਸਾ ’ਚ 5 ਅਤੇ ਝਾਰਖੰਡ ’ਚ 4 ਮੌਤਾਂ ਹੋਈਆਂ ਹਨ। ਝਾਰਖੰਡ ’ਚ ਲੂ ਲੱਗਣ ਕਾਰਨ 1300 ਤੋਂ ਜ਼ਿਆਦਾ ਵਿਅਕਤੀਆਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਯੂਪੀ ’ਚ ਅਧਿਕਾਰੀਆਂ ਨੇ ਕਿਹਾ ਕਿ ਸੋਨਭੱਦਰ ਤੇ ਮਿਰਜ਼ਾਪੁਰ ਜ਼ਿਲ੍ਹਿਆਂ ’ਚ ਚੋਣ ਅਮਲੇ ਦੇ 15 ਵਿਅਕਤੀਆਂ ਦੀ ਲੂ ਲੱਗਣ ਕਾਰਨ ਮੌਤ ਹੋਣ ਦਾ ਖ਼ਦਸ਼ਾ ਹੈ। ਮਿਰਜ਼ਾਪੁਰ ਦੇ ਮਾਂ ਵਿੰਧਿਆਵਾਸਿਨੀ ਆਟੋਨੋਮਸ ਸਟੇਟ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾਕਟਰ ਰਾਜ ਬਹਾਦਰ ਕਮਲ ਨੇ ਦੱਸਿਆ ਕਿ ਹਸਪਤਾਲ ’ਚ ਸੱਤ ਹੋਮ ਗਾਰਡ ਜਵਾਨਾਂ, ਤਿੰਨ ਸੈਨੀਟੇਸ਼ਨ ਵਰਕਰਾਂ, ਇਕ-ਇਕ ਕਲਰਕ, ਚੱਕਬੰਦੀ ਅਧਿਕਾਰੀ ਤੇ ਚਪੜਾਸੀ ਦੀ ਮੌਤ ਹੋਈ ਹੈ। ਜਦੋਂ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ ਤਾਂ ਉਨ੍ਹਾਂ ਨੂੰ ਤੇਜ਼ ਬੁਖ਼ਾਰ ਅਤੇ ਹਾਈ ਬਲੱਡ ਪ੍ਰੈਸ਼ਰ ਸੀ। ਸੋਨਭੱਦਰ ਜ਼ਿਲ੍ਹੇ ’ਚ ਚੋਣ ਡਿਊਟੀ ’ਤੇ ਤਾਇਨਾਤ ਦੋ ਵਿਅਕਤੀਆਂ ਦੀ ਲੂ ਲੱਗਣ ਕਾਰਨ ਮੌਤ ਹੋ ਗਈ। ਜ਼ਿਲ੍ਹਾ ਮੈਜਿਸਟਰੇਟ ਚੰਦਰ ਵਿਜੈ ਸਿੰਘ ਨੇ ਦੱਸਿਆ ਕਿ ਚੋਣ ਅਮਲੇ ਦੇ 9 ਮੁਲਾਜ਼ਮਾਂ ਦਾ ਜ਼ਿਲ੍ਹਾ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

Spread the love