ਨਾਬਾਲਗ ਧੀਆਂ ਦਾ ਸ਼ੋਸ਼ਣ ਕਰਨ ਵਾਲੇੇ ਮਤਰੇਏ ਪਿਓ ਨੂੰ 43 ਸਾਲ ਦੀ ਕੈਦ

ਸ਼੍ਰੀ ਮੁਕਤਸਰ ਸਾਹਿਬ ਵਧੀਕ ਸੈਸ਼ਨ ਜੱਜ ਅਮਿਤਾ ਸਿੰਘ ਦੀ ਅਦਾਲਤ ਨੇ ਤਿੰਨ ਨਾਬਾਲਗ ਧੀਆਂ ਦਾ ਸਰੀਰਕ ਸ਼ੋਸ਼ਣ ਕਰਨ ਦੇ ਦੋਸ਼ ਹੇਠ ਮਤਰੇਏ ਪਿਤਾ ਨੂੰ 43 ਸਾਲ ਦੀ ਕੈਦ ਅਤੇ 1 ਲੱਖ 20 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ। ਨੇੜਲੇ ਪਿੰਡ ਦੀ ਰਹਿਣ ਵਾਲੀ ਇਕ ਔਰਤ ਮਾਨਸਿਕ ਤੌਰ ’ਤੇ ਠੀਕ ਨਹੀਂ ਸੀ। ਉਸ ਦਾ ਦੂਜੀ ਵਾਰ ਵਿਆਹ ਹੋਇਆ ਸੀ। ਪਹਿਲੇ ਵਿਆਹ ਤੋਂ ਉਸ ਦੀਆਂ ਤਿੰਨ ਧੀਆਂ ਸਨ। 2021 ਵਿੱਚ ਬਾਲ ਸੁਰੱਖਿਆ ਯੂਨਿਟ ਦੀ ਇਕ ਵਰਕਰ ਨੂੰ ਪਤਾ ਲੱਗਿਆ ਕਿ ਨਾਬਾਲਗ ਤਿੰਨਾਂ ਲੜਕੀਆਂ ਨਾਲ ਕੋਈ ਧੱਕੇਸ਼ਾਹੀ ਹੋ ਰਹੀ ਹੈ। ਪੜਤਾਲ ਦੌਰਾਨ ਪਾਇਆ ਗਿਆ ਕਿ ਨਾਬਾਲਗ ਲੜਕੀਆਂ ਦਾ ਬਾਪ ਹੀ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕਰਦਾ ਹੈ। ਸਰਕਾਰੀ ਵਕੀਲ ਦੀਆਂ ਦਲੀਲਾਂ ਅਤੇ ਪੇਸ਼ ਸਬੂਤਾਂ ਨਾਲ ਸਹਿਮਤ ਹੁੰਦਿਆਂ ਅਦਾਲਤ ਨੇ ਪਿਤਾ ਨੂੰ ਦੋਸ਼ੀ ਕਰਾਰ ਦਿੰਦਿਆਂ ਆਈਪੀਸੀ ਦੀ ਧਾਰਾ 354ਏ ਤਹਿਤ 3 ਸਾਲ ਦੀ ਕੈਦ ਤੇ 20 ਹਜ਼ਾਰ ਰੁਪਏ ਜੁਰਮਾਨਾ, ਪੋਸਕੋ ਐਕਟ ਦੀ ਧਾਰਾ 4 ਤਹਿਤ 20 ਸਾਲ ਦੀ ਕੈਦ ਤੇ 50 ਹਜ਼ਾਰ ਰੁਪਏ ਜੁਰਮਾਨਾ ਅਤੇ ਪੋਸਕੋ ਐਕਟ ਦੀ ਧਾਰਾ 6 ਤਹਿਤ 20 ਸਾਲ ਦੀ ਕੈਦ ਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਦਾ ਹੁਕਮ ਦਿੱਤਾ। ਇਹ ਸਾਰੀਆਂ ਸਜ਼ਾਵਾਂ ਇਕੱਠੀਆਂ ਹੀ ਚੱਲਣਗੀਆਂ ਜਿਸ ਕਰਕੇ ਦੋਸ਼ੀ ਨੂੰ ਜੇਲ੍ਹ ਵਿੱਚ 20 ਸਾਲ ਕੱਟਣੇ ਪੈਣਗੇ।

Spread the love