ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਦਫ਼ਤਰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਇੱਕ ਲਿਖਤੀ ਪ੍ਰੈੱਸ ਬਿਆਨ ਵਿੱਚ ਕਿਹਾ ਹੈ ਕਿ ਉਨ੍ਹਾਂ ਨੂੰ ਸੇਵਾ ਸੰਭਾਲੀ ਨੂੰ ਹਾਲੇ ਕੁਝ ਦਿਨ ਹੀ ਹੋਏ ਹਨ ਅਤੇ ਇਹਨਾਂ ਦਿਨਾਂ ਵਿੱਚ ਹੀ ਦਸਵੇਂ ਪਾਤਸ਼ਾਹ ਵਲੋਂ ਬਖਸ਼ਿਆ ਕੌਮੀ ਤਿਉਹਾਰ ਹੋਲਾ ਮਹੱਲਾ ਸੀ। ਇਸ ਲਈ ਉਹ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸੇਵਾਦਾਰ ਹੋਣ ਦੇ ਨਾਤੇ ਹੋਲੇ ਮਹੱਲੇ ਵਿੱਚ ਰੁੱਝੇ ਹੋਏ ਸਨ, ਜਿਸ ਕਾਰਨ ਦੋ ਦਸੰਬਰ ਨੂੰ ਜੋ ਫੈਸਲੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਏ ਉਹਨਾਂ ਬਾਬਤ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸੰਬੰਧੀ ਚੱਲ ਰਹੇ ਮਸਲੇ ਬਾਬਤ ਸਮੇਂ ਦੀ ਘਾਟ ਕਾਰਨ ਕੋਈ ਘੋਖ ਨਹੀਂ ਕਰ ਸਕੇ। ਨਾ ਹੀ ਪਿਛਲੇ ਸਿੰਘ ਸਾਹਿਬਾਨ ਵੱਲੋਂ ਬਣਾਈ ਗਈ ਕਮੇਟੀ ਨਾਲ ਇਸ ਸੰਬੰਧੀ ਕੋਈ ਗੱਲ ਹੋ ਸਕੀ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਆਪਣੇ ਸੰਬੋਧਨ ਦੌਰਾਨ ਵੀ ਪੰਥਕ ਏਕਤਾ ਦਾ ਹੋਕਾ ਦਿੱਤਾ ਸੀ, ਕਿਉਂਕਿ ਇਹ ਸਮੇਂ ਦੀ ਲੋੜ ਹੈ ਤੇ ਇਹ ਸਮੁੱਚੇ ਖ਼ਾਲਸਾ ਪੰਥ ਦੀ ਭਾਵਨਾ ਵੀ ਹੈ।ਉਨ੍ਹਾਂ ਕਿਹਾ ਕਿ ਇਸੇ ਤਹਿਤ ਅੱਜ ਕਮੇਟੀ ਦੇ ਪੰਜ ਮੈਂਬਰਾਂ ਨੂੰ ਭੇਜੇ ਗਏ ਸੱਦਾ ਪੱਤਰਾਂ ਉਪਰੰਤ ਕਮੇਟੀ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿੱਚ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਗਈ ਅਤੇ ਦੋ ਦਸੰਬਰ ਨੂੰ ਹੋਏ ਫੈਸਲਿਆਂ ਦੀ ਰੋਸ਼ਨੀ ਵਿੱਚ ਪੰਥਕ ਏਕਤਾ ਸੰਬੰਧੀ ਅੱਗੇ ਵੱਧਣ ਬਾਰੇ ਚਰਚਾ ਕੀਤੀ ਗਈ।
