ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ ਤੀਜੇ ਕਾਰਜਕਾਲ ਲਈ ਐਤਵਾਰ ਨੂੰ 72 ਮੈਂਬਰੀ ਕੈਬਨਿਟ ਨੇ ਸਹੁੰ ਚੁਕੀ। ਇਸ ਤੋਂ ਪਹਿਲਾਂ 2019 ਤੋਂ 2024 ਤਕ ਮੋਦੀ ਦੀ ਪਿਛਲੀ ਸਰਕਾਰ ਦੇ ਕੈਬਨਿਟ ’ਚ ਸੱਭ ਤੋਂ ਵੱਧ 78 ਮੰਤਰੀ ਸਨ। ਮੌਜੂਦਾ ਕੈਬਨਿਟ ’ਚ ਮੰਤਰੀਆਂ ਦੀ ਗਿਣਤੀ ਛੇ ਘੱਟ ਹੈ। ਮੋਦੀ ਦੀ ਪਿਛਲੀ ਸਰਕਾਰ ’ਚ ਕੈਬਨਿਟ ਦੇ ਵਿਸਥਾਰ ਤੋਂ ਬਾਅਦ 2021 ’ਚ ਕੈਬਨਿਟ ਦੇ ਮੈਂਬਰਾਂ ਦੀ ਗਿਣਤੀ ਵਧ ਕੇ 78 ਹੋ ਗਈ ਸੀ ਪਰ ਨਵੇਂ ਕੈਬਨਿਟ ਤੋਂ ਸਹੁੰ ਚੁੱਕਣ ਤੋਂ ਪਹਿਲਾਂ ਸਰਕਾਰ ’ਚ ਮੰਤਰੀਆਂ ਦੀ ਗਿਣਤੀ 72 ਸੀ। ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਕੌਮੀ ਲੋਕਤੰਤਰੀ ਗਠਜੋੜ (ਐਨ.ਡੀ.ਏ.) ਸਰਕਾਰ ਦੇ ਤੀਜੇ ਕਾਰਜਕਾਲ ’ਚ ਪ੍ਰਧਾਨ ਮੰਤਰੀ ਮੋਦੀ ਸਮੇਤ ਵੱਧ ਤੋਂ ਵੱਧ 31 ਕੈਬਨਿਟ ਮੰਤਰੀ ਹਨ। ਇਸ ਤੋਂ ਇਲਾਵਾ ਪੰਜ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ 36 ਰਾਜ ਮੰਤਰੀ ਹਨ। ਮੋਦੀ ਦੀ ਅਗਵਾਈ ਵਾਲੀ ਪਿਛਲੀ ਸਰਕਾਰ ’ਚ 26 ਕੈਬਨਿਟ ਮੰਤਰੀ, ਤਿੰਨ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ 42 ਰਾਜ ਮੰਤਰੀ ਸਨ। ਜੁਲਾਈ 2021 ’ਚ ਜਦੋਂ ਕੈਬਨਿਟ ਦਾ ਵਿਸਥਾਰ ਕੀਤਾ ਗਿਆ ਸੀ, ਤਾਂ ਇਸ ’ਚ ਵੱਧ ਤੋਂ ਵੱਧ 78 ਮੰਤਰੀ ਸਨ, ਜਿਨ੍ਹਾਂ ’ਚ 30 ਕੈਬਨਿਟ ਮੰਤਰੀ, 2 ਰਾਜ ਮੰਤਰੀ (ਸੁਤੰਤਰ ਚਾਰਜ) ਅਤੇ 45 ਰਾਜ ਮੰਤਰੀ ਸਨ। ਕੈਬਨਿਟ ਦੀ ਵੱਧ ਤੋਂ ਵੱਧ ਗਿਣਤੀ 81 ਹੈ, ਜੋ ਲੋਕ ਸਭਾ ਦੀ ਕੁਲ 543 ਮੈਂਬਰਾਂ ਦੀ ਗਿਣਤੀ ਦਾ 15 ਫੀ ਸਦੀ ਹੈ। ਇਨ੍ਹਾਂ 81 ਮੈਂਬਰਾਂ ’ਚ ਪ੍ਰਧਾਨ ਮੰਤਰੀ ਵੀ ਸ਼ਾਮਲ ਹਨ। ਮਈ 2019 ’ਚ 57 ਮੰਤਰੀਆਂ ਨੇ ਸਹੁੰ ਚੁਕੀ ਸੀ, ਜਿਨ੍ਹਾਂ ’ਚ 24 ਕੈਬਨਿਟ ਮੰਤਰੀ, 9 ਰਾਜ ਮੰਤਰੀ (ਸੁਤੰਤਰ ਚਾਰਜ) ਅਤੇ 24 ਰਾਜ ਮੰਤਰੀ ਸ਼ਾਮਲ ਸਨ। ਮਈ 2014 ’ਚ ਜਦੋਂ ਭਾਜਪਾ ਕਾਂਗਰਸ ਨੂੰ ਹਰਾ ਕੇ ਸੱਤਾ ’ਚ ਆਈ ਸੀ ਤਾਂ ਕੈਬਨਿਟ ’ਚ 46 ਮੰਤਰੀ ਸਨ, ਜਿਨ੍ਹਾਂ ’ਚ 24 ਕੈਬਨਿਟ ਮੰਤਰੀ, 10 ਰਾਜ ਮੰਤਰੀ (ਸੁਤੰਤਰ ਚਾਰਜ) ਅਤੇ 12 ਰਾਜ ਮੰਤਰੀ ਸ਼ਾਮਲ ਸਨ। ਇਨ੍ਹਾਂ ’ਚ ਖੁਦ ਪ੍ਰਧਾਨ ਮੰਤਰੀ ਵੀ ਸ਼ਾਮਲ ਸਨ। ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ’ਚ ਮਈ 2009 ’ਚ ਪ੍ਰਧਾਨ ਮੰਤਰੀ ਸਮੇਤ ਸੱਭ ਤੋਂ ਵੱਧ 79 ਮੰਤਰੀ ਸਨ। ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ.ਪੀ.ਏ.) ਦੇ ਪਹਿਲੇ ਕਾਰਜਕਾਲ ਦੌਰਾਨ ਵੀ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ’ਚ ਸੱਭ ਤੋਂ ਵੱਧ 79 ਮੰਤਰੀ ਸਨ। 1999 ’ਚ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਸਰਕਾਰ ’ਚ 74 ਮੰਤਰੀ ਸਨ।