ਇਜ਼ਰਾਈਲ ਦੇ ਮਿਊਜ਼ੀਅਮ ‘ਚ ਚਾਰ ਸਾਲ ਦੇ ਬੱਚੇ ਦੀ ਗ਼ਲਤੀ ਨਾਲ 3500 ਸਾਲ ਪੁਰਾਣਾ ਬਰਨਤ ਟੁੱਟ ਗਿਆ। ਇਹ ਘਟਨਾ ਇਜ਼ਰਾਈਲ ਦੀ ਹੈਫਾ ਯੂਨੀਵਰਸਿਟੀ (Haifa University) ਸਥਿਤ ਹੇਚਟ ਮਿਊਜ਼ੀਅਮ (Hecht Museum) ‘ਚ ਵਾਪਰੀ। ਬੀਬੀਸੀ ਮੁਤਾਬਕ ਐਲੇਕਸ ਆਪਣੇ ਚਾਰ ਸਾਲ ਦੇ ਬੇਟੇ ਨਾਲ ਮਿਊਜ਼ੀਅਮ ਦੇਖਣ ਆਇਆ ਸੀ। ਇੱਥੇ ਉਸ ਦੇ ਬੇਟੇ ਨੇ ਗ਼ਲਤੀ ਨਾਲ ਇੱਕ ਐਂਟੀਕ ਬਰਤਨ (Rare bronze age jar) ਸੁੱਟ ਦਿੱਤਾ।ਇਸ ਕਾਰਨ ਉਹ ਟੁੱਟ ਗਿਆ।
ਐਲੇਕਸ ਨੇ ਕਿਹਾ, ‘ਮੇਰਾ ਬੇਟਾ ਦੇਖਣਾ ਚਾਹੁੰਦਾ ਸੀ ਕਿ ਘੜੇ ਦੇ ਅੰਦਰ ਕੀ ਹੈ। ਇਸ ਲਈ ਉਸ ਨੇ ਘੜੇ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਇਹ ਡਿੱਗ ਗਿਆ। ਇਸ ਤੋਂ ਬਾਅਦ ਮੈਂ ਉੱਥੇ ਸੁਰੱਖਿਆ ਅਧਿਕਾਰੀ ਨੂੰ ਇਸ ਬਾਰੇ ਦੱਸਿਆ।
ਮਿਊਜ਼ੀਅਮ ਦੇ ਸਟਾਫ ਨੇ ਦੱਸਿਆ ਕਿ ਇਹ ਬਰਤਨ ਕਾਂਸੀ ਯੁੱਗ ਦਾ ਹੈ। ਭਾਵ ਇਹ ਰਾਜਾ ਸੁਲੇਮਾਨ ਦੇ ਯੁੱਗ ਤੋਂ ਵੀ ਪਹਿਲਾਂ ਦੀ ਗੱਲ ਹੈ। ਮੰਨਿਆ ਜਾਂਦਾ ਹੈ ਕਿ ਇਹ 2200 ਤੇ 1500 ਈਸਾ ਪੂਰਵ ਦੇ ਵਿਚਕਾਰ ਬਣਾਇਆ ਗਿਆ ਸੀ। ਇਸ ਦੀਆਂ ਵਿਸ਼ੇਸ਼ਤਾਵਾਂ ਪ੍ਰਾਚੀਨ ਕਨਾਨ ਨਾਲ ਸੰਬੰਧਿਤ ਹਨ। ਇਸ ਖੇਤਰ ਵਿੱਚ ਵਰਤਮਾਨ ਵਿੱਚ ਇਜ਼ਰਾਈਲ ਅਤੇ ਫਲਸਤੀਨ ਦੇ ਹਿੱਸੇ ਸ਼ਾਮਲ ਹਨ।ਸਟਾਫ ਨੇ ਕਿਹਾ ਕਿ ਮੰਨਿਆ ਜਾ ਰਿਹਾ ਹੈ ਕਿ ਇਸ ਦੀ ਵਰਤੋਂ ਵਾਈਨ ਅਤੇ ਜੈਤੂਨ ਦਾ ਤੇਲ ਲਿਜਾਣ ਲਈ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਅਕਸਰ ਖੁਦਾਈ ਦੌਰਾਨ ਮਿਲੇ ਭਾਂਡੇ ਟੁੱਟੇ ਜਾਂ ਅਧੂਰੇ ਰਹਿ ਜਾਂਦੇ ਹਨ। ਇਹ ਭਾਂਡਾ ਬਰਕਰਾਰ ਪਾਇਆ ਗਿਆ ਸੀ, ਇਸ ਲਈ ਇਹ ਬਹੁਤ ਕੀਮਤੀ ਸੀ। ਇਸ ਨੂੰ ਅਜਾਇਬ ਘਰ ਦੇ ਮੁੱਖ ਗੇਟ ਕੋਲ ਰੱਖਿਆ ਗਿਆ ਸੀ। ਹਾਲਾਂਕਿ ਇਸ ਦੀ ਦੁਬਾਰਾ ਮੁਰੰਮਤ ਕੀਤੀ ਜਾਵੇਗੀ, ਪਰ ਇਹ ਪਹਿਲਾਂ ਵਰਗਾ ਨਹੀਂ ਹੋਵੇਗਾ।