ਕੈਨੇਡਾ ਵਿੱਚ ਐਡਵਾਂਸ ਵੋਟਿੰਗ ਦੌਰਾਨ ਬਣਿਆ ਨਵਾਂ ਰਿਕਾਰਡ, ਲੋਕਾਂ ਨੇ ਵਿਖਾਇਆ ਵੱਡਾ ਉਤਸ਼ਾਹ

ਟੋਰਾਂਟੋ (ਕੁਲਤਰਨ ਸਿੰਘ ਪਧਿਆਣਾ) – ਇਲੈਕਸ਼ਨਜ਼ ਕੈਨੇਡਾ ਅਨੁਸਾਰ ਐਡਵਾਂਸ ਵੋਟਿੰਗ ਜੋਕਿ 18 ਅਪ੍ਰੈਲ ਤੋਂ 21 ਅਪ੍ਰੈਲ ਤੱਕ ਚੱਲੀ ਹੈ ਦੌਰਾਨ ਰਿਕਾਰਡ 7.3 ਮਿਲੀਅਨ ਕੈਨੇਡੀਅਨਜ਼ ਨੇ ਆਪਣੇ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਕੀਤਾ ਹੈ ਅਤੇ ਨਵਾਂ ਰਿਕਾਰਡ ਕਾਇਮ ਕੀਤਾ ਗਿਆ ਹੈ , ਇਲੈਕਸ਼ਨਜ਼ ਕੈਨੇਡਾ ਦਾ ਕਹਿਣਾ ਹੈ ਕਿ ਇਹ ਗਿਣਤੀ 2021 ਦੀਆਂ ਫ਼ੈਡਰਲ ਚੋਣਾਂ ਦੌਰਾਨ ਹੋਈ ਐਡਵਾਂਸ ਵੋਟਿੰਗ ਦੌਰਾਨ 5.8 ਮਿਲੀਅਨ ਵੋਟਾਂ ਦੀ ਤੁਲਨਾ ਵਿਚ 25% ਦਾ ਵਾਧਾ ਦਰਸਾਉਂਦੀ ਹੈ। ਦੂਜੇ ਪਾਸੇ ਵੱਖ-ਵੱਖ ਸਰਵੇਖਣ ਕੈਨੇਡਾ ਵਿੱਚ ਇੱਕ ਵਾਰ ਫਿਰ ਲਿਬਰਲ ਪਾਰਟੀ ਦੀ ਸਰਕਾਰ ਬਣਨ ਦਾ ਅਨੁਮਾਨ ਲਗਾ ਰਹੇ ਹਨ ਦੱਸਣਯੋਗ ਹੈ ਕਿ ਹਾਲੇ ਕੁੱਝ ਮਹੀਨੇ ਪਹਿਲਾਂ ਇਹੀ ਸਰਵੇਖਣ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਬਣਨ ਦਾ ਦਾਅਵਾ ਕਰ ਰਹੇ ਸਨ ਪਰ ਮਾਰਕ ਕਾਰਨੀ ਦੇ ਲਿਬਰਲ ਆਗੂ ਬਣਨ ਤੋਂ ਬਾਅਦ ਲਿਬਰਲ ਪਾਰਟੀ ਉਨਟਾਰੀਓ, ਕਿਊਬਿਕ ਅਤੇ ਅਟਲਾਂਟਿਕ ਕੈਨੇਡਾ ਵਿੱਚ ਬੇਹੱਦ ਮਜ਼ਬੂਤ ਨਜ਼ਰ ਆ ਰਹੀ ਹੈ।

ਕੰਜ਼ਰਵੇਟਿਵ ਪਾਰਟੀ ਆਪਣੇ ਗੜ੍ਹ ਅਲਬਰਟਾ ਵਿੱਚ ਬੇਹੱਦ ਮਜ਼ਬੂਤ ਹੈ ਦੂਜੇ ਪਾਸੇ ਸਸਕੈਚਵਨ ਅਤੇ ਮੈਨੀਟੋਬਾ ਵਿੱਚ ਲਿਬਰਲ ਮੁਕਾਬਲਾ ਕਰ ਰਹੀ ਹੈ, ਬ੍ਰਿਟਿਸ਼ ਕੋਲੰਬੀਆ ਵਿੱਚ ਕਾਂਟੇ ਦੀ ਟੱਕਰ ਬਣੀ ਹੋਈ ਹੈ। ਟਰਾਂਟੋ ,ਪੀਲ ਰੀਜਨ ਅਤੇ ਕੈਨੇਡਾ ਦੇ ਵੱਡੇ ਮਹਾਂਨਗਰਾਂ ਵਿੱਚ ਸਰਵੇਖਣਾ ਮੁਤਾਬਕ ਲਿਬਰਲ ਅੱਗੇ ਹੈ ਦੱਸਣਯੋਗ ਹੈ ਕਿ ਸਰਦਾਰ ਜਗਮੀਤ ਸਿੰਘ ਦੀ ਅਗਵਾਈ ਹੇਠ ਐਨਡੀਪੀ ਦੀ ਵੋਟ ਇਸ ਵਾਰ ਟੁੱਟ ਕੇ ਲਿਬਰਲ ਪਾਰਟੀ ਦੇ ਹੱਕ ਵਿੱਚ ਭੁਗਤਦੀ ਜਾਪਦੀ ਹੈ ਜਿਸ ਨਾਲ ਉਨ੍ਹਾਂ ਦਾ ਆਪਣਾ ਜਿੱਤਣਾ ਵੀ ਸਵਾਲਾਂ ਵਿੱਚ ਬਣਿਆ ਹੋਇਆ ਹੈ।ਇਸ ਵਾਰ 70 ਤੋਂ ਵੱਧ ਸਾਊਥ ਏਸ਼ੀਅਨ ਭਾਈਚਾਰੇ ਦੇ ਉਮੀਦਵਾਰ ਆਪਣੀ ਕਿਸਮਤ ਅਜ਼ਮਾਉਣ ਦੀ ਕੋਸ਼ਿਸ਼ ਵਿੱਚ ਹਨ ਦੂਜੇ ਪਾਸੇ ਵੱਧੀ ਹੋਈ ਵੋਟ ਪਰਸੈਂਟ ਦੇ ਵੱਖੋ ਵੱਖਰੇ ਅਨੁਮਾਨ ਵੀ ਲਗਾਏ ਜਾ ਰਹੇ ਹਨ ਪਰ ਅਸਲੀ ਨਤੀਜਿਆਂ ਲਈ 28 ਅਪ੍ਰੈਲ ਤੱਕ ਦਾ ਇੰਤਜ਼ਾਰ ਕਰਨ ਦੀ ਲੋੜ ਹੈ।

Spread the love