ਪਾਣੀਪਤ ਦੇ ਰਹਿਣ ਵਾਲਾ ਵੀਹ ਸਾਲਾ ਸਿੱਖ ਨੌਜਵਾਨ ਗੁਰਦੀਪ ਸਿੰਘ ਕਥਿਤ ਨਫ਼ਰਤੀ ਹਿੰਸਾ ਦਾ ਸ਼ਿਕਾਰ ਹੋਇਆ ਹੈ। ਪਿਛਲੇ ਦਿਨੀਂ ਕੁਝ ਸ਼ਰਾਰਤੀ ਅਨਸਾਰਾਂ ਵਲੋਂ ਉਸ ਨੂੰ ‘ਹਿੰਦੋਸਤਾਨ ਜ਼ਿੰਦਾਬਾਦ ਅਤੇ ਖ਼ਾਲਿਸਤਾਨ ਮੁਰਦਾਬਾਦ’ ਦੇ ਨਾਅਰੇ ਲਗਾਉਣ ਲਈ ਕਿਹਾ ਗਿਆ । ਅਜਿਹਾ ਨਾ ਕਰਨ ਦੀ ਸੂਰਤ ਵਿੱਚ ਕੁਝ ਲੋਕਾਂ ਵਲੋਂ ਗੁਰਦੀਪ ਦੀ ਕੁੱਟਮਾਰ ਕੀਤੀ ਗਈ। ਸਿੱਖ ਪਰਿਵਾਰ ਨਾਲ ਸਬੰਧਤ ਗੁਰਦੀਪ ਪਾਣੀਪਤ ਦੇ ਹਿਸਾਰ ਬਾਜ਼ਾਰ ਦੀ ਇੱਕ ਕਲੋਨੀ ਵਿੱਚ ਰਹਿੰਦਾ ਹੈ। ਗੁਰਦੀਪ ਦੇ ਪਿਤਾ ਵੈਲਡਿੰਗ ਦਾ ਕੰਮ ਕਰਦੇ ਹਨ। ਗੁਰਦੀਪ ਨੇ ਇਸੇ ਸਾਲ ਬਾਹਰਵੀਂ ਕਲਾਸ ਪਾਸ ਕੀਤੀ ਹੈ। ਗੁਰਦੀਪ ਨੇ ਦੱਸਿਆ ਕਿ 10 ਨਵੰਬਰ ਨੂੰ ਉਹ ਸ਼ਹਿਰ ਦੇ ਇੱਕ ਪੈਟਰੋਲ ਪੰਪ ‘ਤੇ ਸਕੂਟਰ ‘ਚ ਤੇਲ ਭਰਵਾਉਣ ਗਏ ਸਨ। ਨੇੜੇ ਹੀ ਸ਼ਰਾਬ ਦਾ ਠੇਕਾ ਸੀ। ਜਦੋਂ ਉਹ ਤੇਲ ਭਰਵਾ ਕੇ ਉਥੋਂ ਤੁਰਨ ਲੱਗੇ ਤਾਂ ਨੇੜੇ ਖੜੇ ਦੋ-ਤਿੰਨ ਵਿਅਕਤੀਆਂ ਨੇ ਉਨ੍ਹਾਂ ਨੂੰ ਬੁਲਾਇਆ ਅਤੇ ‘ਹਿੰਦੋਸਤਾਨ ਜ਼ਿੰਦਾਬਾਦ’ ਦੇ ਨਾਹਰੇ ਲਾਉਣ ਲਈ ਕਿਹਾ ਗੁਰਦੀਪ ਨੇ ਦੋ ਵਾਰ ‘ਹਿੰਦੋਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਾ ਦਿੱਤੇ ਅਤੇ ਫਿਰ ਉਹ ‘ਖ਼ਾਲਿਸਤਾਨ ਮੁਰਦਾਬਾਦ’ ਦਾ ਨਾਅਰਾ ਲਗਾਉਣ ਨੂੰ ਕਹਿਣ ਲੱਗੇ।
ਗੁਰਦੀਪ ਮੁਤਾਬਕ“ਜਦੋਂ ਮੈਂ ਬਚਣ ਲਈ ਨੇੜਲੇ ਠੇਕੇ ਦੇ ਅੰਦਰ ਗਿਆ ਤਾਂ ਉਹ ਵਿਅਕਤੀ ਦੋ-ਤਿੰਨ ਹੋਰ ਸਾਥੀਆਂ ਨਾਲ ਠੇਕੇ ਦੇ ਅੰਦਰ ਦਾਖਲ ਹੋ ਗਿਆ ਅਤੇ ਮੇਰਾ ਮੋਬਾਈਲ ਅਤੇ ਸਕੂਟਰ ਦੀਆਂ ਚਾਬੀਆਂ ਖੋਹਣ ਲੱਗ ਪਿਆ।” “ਜਦੋਂ ਮੈਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਮੇਰੀ ਪੱਗ ਉਤਾਰ ਦਿੱਤੀ ਅਤੇ ਮੈਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਫ਼ਿਰ ਉਨ੍ਹਾਂ ਬੈਲਟਾਂ ਨਾਲ ਮੇਰੀ ਕੁੱਟ-ਮਾਰ ਸ਼ੁਰੂ ਕਰ ਦਿੱਤੀ।” “ਉਨ੍ਹਾਂ ਨੇ ਮੇਰੇ ਸਿਰ ਦੇ ਵਾਲ ਖਿੱਚੇ ਅਤੇ ਕਾਫੀ ਦੇਰ ਤੱਕ ਮੈਨੂੰ ਲੱਤਾਂ ਮਾਰਦੇ ਅਤੇ ਕੁੱਟਦੇ ਰਹੇ। ਮੈਂ ਕਿਸੇ ਤਰ੍ਹਾਂ ਬਚ ਕੇ ਨਿਕਲਿਆ ਅਤੇ ਕਿਸੇ ਦਾ ਫ਼ੋਨ ਮੰਗ ਕੇ ਆਪਣੇ ਘਰਦਿਆਂ ਨੂੰ ਖ਼ਬਰ ਕੀਤੀ ਕਿ ਮੇਰੇ ‘ਤੇ ਹਮਲਾ ਕੀਤਾ ਜਾ ਰਿਹਾ ਹੈ।”
ਪੁਲਿਸ ਵਲੋਂ ਤਿੰਨ ਵਿਅਕਤੀਆਂ ਸ਼ਾਲੂ, ਦੀਪਕ ਨੇਪਾਲੀ ਅਤੇ ਓਮ ਸ਼ਾਸ਼ਵਤ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਧਾਰਾ 295 ਵੀ ਜੋੜ ਦਿੱਤੀ ਗਈ ਹੈ |
