ਪੰਜਾਬ ਤੋਂ ਕਰੀਬ ਹਫ਼ਤਾ ਪਹਿਲਾਂ ਐਬਟਸਫੋਰਡ (ਬੀਸੀ) ਪਹੁੰਚੇ ਪਤੀ ਵਲੋਂ ਅਪਣੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਘਟਨਾ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਨੇ ਲੁਧਿਆਣਾ ਵਿੱਚ ਰਹਿੰਦੀ ਅਪਣੀ ਮਾਂ ਨੂੰ ਵੀਡੀਉ ਵੀ ਬਣਾ ਕੇ ਭੇਜੀ। ਮ੍ਰਿਤਕਾ ਬਲਵਿੰਦਰ ਕੌਰ (41) ਦੇ ਹਰਨੂਰਪ੍ਰੀਤ ਕੌਰ ਤੇ ਗੁਰਨੂਰ ਸਿੰਘ ਦੋ ਬੱਚੇ ਹਨ। ਹਰਨੂਰਪ੍ਰੀਤ ਕੌਰ ਨੂੰ ਆਈਲੈਟਸ ਕਰਵਾ ਕੇ ਸੰਨ 2020 ਵਿਚ ਕੈਨੇਡਾ ਪੜ੍ਹਨ ਆਈ ਸੀ। ਇਸ ਮਗਰੋਂ ਜਨਵਰੀ 2022 ਵਿਚ ਬਲਵਿੰਦਰ ਕੌਰ ਅਪਣੀ ਧੀ ਨੂੰ ਮਿਲਣ ਲਈ ਕੈਨੇਡਾ ਪਹੁੰਚੀ ਸੀ। ਇਸ ਦੌਰਾਨ ਹਰਨੂਰਪ੍ਰੀਤ ਨੇ ਅਪਣੇ ਪਿਤਾ ਜਗਪ੍ਰੀਤ ਸਿੰਘ ਨੂੰ ਹਫਤਾ ਪਹਿਲਾਂ 11 ਮਾਰਚ 2024 ਨੂੰ ਕੈਨੇਡਾ ਬੁਲਾ ਲਿਆ, ਪਰ ਉਸ ਨੇ ਕੈਨੇਡਾ ਪਹੁੰਚਣ ਤੋਂ ਕਰੀਬ ਹਫ਼ਤੇ ਬਾਅਦ ਹੀ ਅਪਣੀ ਪਤਨੀ ਬਲਵਿੰਦਰ ਕੌਰ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਸਿਰਫ਼ ਇੰਨਾ ਹੀ ਨਹੀਂ ਸਗੋਂ ਉਸ ਨੇ ਘਟਨਾ ਦੀ ਵੀਡੀਉ ਬਣਾ ਕੇ ਅਪਣੀ ਮਾਂ ਨੂੰ ਵੀ ਭੇਜੀ। ਇਹ ਵੀਡੀਉ ਜਦੋਂ ਮ੍ਰਿਤਕਾ ਦੇ ਪੁੱਤਰ ਗੁਰਨੂਰ ਸਿੰਘ (18) ਨੇ ਦੇਖੀ ਤਾਂ ਉਸ ਨੇ ਅਪਣੀ ਮਾਂ ਦੇ ਕਤਲ ਦੀ ਖ਼ਬਰ ਰਿਸ਼ਤੇਦਾਰਾਂ ਨੂੰ ਦਿੱਤੀ।ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।