ਸੁਪਰੀਮ ਕੋਰਟ ਨੇ ਆਮ ਆਦਮੀ ਪਾਰਟੀ (ਆਪ) ਨੂੰ ਦਿੱਲੀ ਵਿਚ ਰਾਊਜ਼ ਐਵੇਨਿਊ ਸਥਿਤ ਆਪਣਾ ਦਫ਼ਤਰ ਖਾਲੀ ਕਰਨ ਲਈ ਦਿੱਤੀ 15 ਜੂਨ ਤੱਕ ਦੀ ਮੋਹਲਤ 10 ਅਗਸਤ ਤੱਕ ਵਧਾ ਦਿੱਤੀ ਹੈ। ਸਰਬਉੱਚ ਅਦਾਲਤ ਨੇ 4 ਮਾਰਚ ਨੂੰ ਜਾਰੀ ਇਕ ਹੁਕਮ ਵਿਚ ਕਿਹਾ ਸੀ ਕਿ ਉਸ ਦੇ ਧਿਆਨ ਵਿਚ ਆਇਆ ਹੈ ਕਿ ਦਿੱਲੀ ਹਾਈ ਕੋਰਟ ਨੂੰ ਇਹ ਪਲਾਟ ਆਪਣੇ ਨਿਆਂਇਕ ਬੁਨਿਆਦੀ ਢਾਂਚੇ ਦਾ ਘੇਰਾ ਵਧਾਉਣ ਲਈ ਅਲਾਟ ਕੀਤਾ ਗਿਆ ਸੀ, ਲਿਹਾਜ਼ਾ ਆਮ ਆਦਮੀ ਪਾਰਟੀ ਇਸ ਪਲਾਟ ’ਤੇ ਬਣੇ ਆਪਣੇ ਦਫ਼ਤਰ ਨੂੰ 15 ਜੂਨ ਤੱਕ ਖਾਲੀ ਕਰ ਦੇਵੇ। ਜਸਟਿਸ ਵਿਕਰਮ ਨਾਥ ਤੇ ਜਸਟਿਸ ਸੰਦੀਪ ਮਹਿਤਾ ਦੇ ਵੈਕੇਸ਼ਨ ਬੈਂਚ ਨੇ ‘ਆਪ’ ਵੱਲੋਂ ਪੇਸ਼ ਸੀਨੀਅਰ ਵਕੀਲ ਅਭਿਸ਼ੇਕ ਸਿੰਘਵੀ ਤੇ ਹੋਰਨਾਂ ਦੀਆਂ ਦਲੀਲਾਂ ਦਾ ਨੋਟਿਸ ਲੈਂਦਿਆਂ ਪਲਾਟ ਖਾਲੀ ਕਰਨ ਦੀ ਅੰਤਿਮ ਤਰੀਕ 10 ਅਗਸਤ ਤੱਕ ਵਧਾ ਦਿੱਤੀ। ਬੈਂਚ ਨੇ ਹਾਲਾਂਕਿ ਆਪਣੇ ਹੁਕਮਾਂ ਵਿਚ ਸਾਫ਼ ਕਰ ਦਿੱਤਾ ਕਿ ਇਹ ਆਖਰੀ ਮੌਕਾ ਹੈ ਤੇ ਪਾਰਟੀ ਨੂੰ ਉਦੋਂ ਤੱਕ 206, ਰਾਊਜ਼ ਐਵੇਨਿਊ ਸਥਿਤ ਇਮਾਰਤ ਖਾਲੀ ਕਰਕੇ ਇਸ ਦਾ ਕਬਜ਼ਾ ਹਾਈ ਕੋਰਟ ਨੂੰ ਦੇਣਾ ਹੋਵੇਗਾ। ਇਹ ਪਲਾਟ, ਜਿਸ ਉੱਤੇ ਹੁਣ ‘ਆਪ’ ਦਾ ਦਫ਼ਤਰ ਹੈ, 2020 ਵਿਚ ਦਿੱਲੀ ਹਾਈ ਕੋਰਟ ਨੂੰ ਅਲਾਟ ਕੀਤਾ ਸੀ ਤਾਂ ਕਿ ਉਹ ਕੌਮੀ ਰਾਜਧਾਨੀ ਵਿਚ ਜ਼ਿਲ੍ਹਾ ਨਿਆਂਪਾਲਿਕਾ ਲਈ ਬੁਨਿਆਦੀ ਢਾਂਚੇ ਦੀ ਉਸਾਰੀ ਕਰ ਸਕੇ। ਸਿੰਘਵੀ ਨੇ ਬੈਂਚ ਨੂੰ ਅੰਤਿਮ ਤਰੀਕ ਵਧਾਉਣ ਦੀ ਅਪੀਲ ਕੀਤੀ, ਜੋ ਬੈਂਚ ਨੇ ਮੰਨ ਲਈ।