ਯੂਐੱਨਐੱਫਪੀਏ ਦੀ ਤਾਜ਼ਾ ਰਿਪੋਰਟ ਅਨੁਸਾਰ ਭਾਰਤ ਦੀ ਆਬਾਦੀ 144 ਕਰੋੜ ਤੱਕ ਪੁੱਜ ਚੁੱਕੀ ਹੈ ਤੇ ਇਸ ਵਿੱਚ 0-14 ਸਾਲ ਦੀ ਉਮਰ ਦੇ ਆਬਾਦੀ 24 ਫੀਸਦ ਹੈ। ਸੰਯੁਕਤ ਰਾਸ਼ਟਰ ਆਬਾਦੀ ਫੰਡ ਨੇ ਖੁਲਾਸਾ ਕੀਤਾ ਹੈ ਕਿ ਭਾਰਤ ਦੀ ਆਬਾਦੀ 77 ਸਾਲਾਂ ਵਿੱਚ ਦੁੱਗਣੀ ਹੋਣ ਦਾ ਅਨੁਮਾਨ ਹੈ। ਰਿਪੋਰਟ ਮੁਤਾਬਕ ਭਾਰਤ 144.17 ਕਰੋੜ ਦੀ ਅੰਦਾਜ਼ਨ ਆਬਾਦੀ ਦੇ ਨਾਲ ਵਿਸ਼ਵ ਪੱਧਰ ‘ਤੇ ਸਭ ਤੋਂ ਅੱਗੇ ਹੈ, ਜਦਕਿ ਚੀਨ 142.5 ਕਰੋੜ ਦੇ ਨਾਲ ਦੂਜੇ ਨੰਬਰ ‘ਤੇ ਹੈ। 2011 ਵਿੱਚ ਕੀਤੀ ਗਈ ਪਿਛਲੀ ਜਨਗਣਨਾ ਦੌਰਾਨ ਭਾਰਤ ਦੀ ਆਬਾਦੀ 121 ਕਰੋੜ ਦਰਜ ਕੀਤੀ ਗਈ ਸੀ। ਰਿਪੋਰਟ ਵਿੱਚ ਅੱਗੇ ਦੱਸਿਆ ਗਿਆ ਹੈ ਕਿ ਭਾਰਤ ਦੀ ਅੰਦਾਜ਼ਨ 24 ਫੀਸਦ ਆਬਾਦੀ 0-14 ਸਾਲ ਦੀ ਉਮਰ ਦੀ ਹੈ, ਜਦੋਂ ਕਿ 17 ਫੀਸਦ 10-19 ਦੀ ਉਮਰ ਦੀ ਹੈ। 10-24 ਸਾਲ ਦੀ ਉਮਰ ਦੇ ਵਰਗ ਦੀ ਆਬਾਦੀ 26 ਫੀਸਦ ਹੋਣ ਦਾ ਅਨੁਮਾਨ ਹੈ। 15-64 ਉਮਰ ਸਮੂਹ 68 ਫੀਸਦ ਹੈ। ਇਸ ਤੋਂ ਇਲਾਵਾ ਭਾਰਤ ਦੀ 7 ਫੀਸਦ ਆਬਾਦੀ 65 ਸਾਲ ਜਾਂ ਇਸ ਤੋਂ ਵੱਧ ਉਮਰ ਦੀ ਹੈ। ਦੇਸ਼ ਵਿੱਚ ਮਰਦਾਂ ਦੀ ਔਸਤ ਉਮਰ 71 ਸਾਲ ਅਤੇ ਔਰਤਾਂ ਦੀ 74 ਸਾਲ ਹੈ।
