ਹਿਮਾਚਲ ਵਿੱਚ ਸੇਬ ਖਰੀਦਣ ਵਾਲੀ ਸਭ ਤੋਂ ਵੱਡੀ ਕੰਪਨੀ ਅਡਾਨੀ ਐਗਰੋ ਫ੍ਰੈਸ਼ ਲਿਮਟਿਡ ਨੇ ਪਿਛਲੇ ਸਾਲ ਦੇ ਮੁਕਾਬਲੇ ਇਸ ਸੀਜ਼ਨ ਲਈ ਸੇਬ ਦੀ ਖਰੀਦ ਦੀ ਕੀਮਤ ਵਿੱਚ ਰਿਕਾਰਡ 15 ਰੁਪਏ ਪ੍ਰਤੀ ਕਿਲੋ ਦੀ ਗਿਰਾਵਟ ਕੀਤੀ ਹੈ। ਸਾਲ 2023 ‘ਚ ਕੰਪਨੀ ਨੇ ਸੇਬ ਦੀ ਖਰੀਦ ਦੀ ਕੀਮਤ 95 ਰੁਪਏ ਪ੍ਰਤੀ ਕਿਲੋ ਤੈਅ ਕੀਤੀ ਸੀ ਪਰ ਇਸ ਵਾਰ ਉੱਚ ਗੁਣਵੱਤਾ ਵਾਲੇ ਸੇਬ ਸਿਰਫ 80 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦੇ ਜਾ ਰਹੇ ਹਨ। ਇਸ ਹਿਸਾਬ ਨਾਲ ਕਿਸਾਨਾਂ ਨੂੰ 1500 ਰੁਪਏ ਕੁਇੰਟਲ ਦਾ ਘਾਟਾ ਪੈ ਰਿਹਾ ਹੈ।ਅਡਾਨੀ ਕੰਪਨੀ ਨੇ ਇਸ ਸਾਲ ਸੇਬ ਦੀ ਖਰੀਦ ਲਗਪਗ 15 ਦਿਨਾਂ ਦੀ ਦੇਰੀ ਨਾਲ ਸ਼ੁਰੂ ਕੀਤੀ ਹੈ। ਆਮ ਤੌਰ ‘ਤੇ ਅਡਾਨੀ ਕੰਪਨੀ ਸੇਬਾਂ ਦੇ ਰੇਟ ਪਹਿਲਾਂ ਘੋਸ਼ਿਤ ਕਰਦੀ ਸੀ ਤੇ ਹੋਰ ਪ੍ਰਾਈਵੇਟ ਕੰਪਨੀਆਂ ਬਾਅਦ ਵਿੱਚ ਰੇਟ ਤੈਅ ਕਰਦੀਆਂ ਸਨ। ਇਸ ਵਾਰ ਅਡਾਨੀ ਕੰਪਨੀ ਨੇ ਦੇਵਭੂਮੀ ਕੋਲਡ ਚੇਨ ਤੋਂ ਬਾਅਦ ਸੇਬ ਖਰੀਦਣੇ ਸ਼ੁਰੂ ਕੀਤੀ ਹਨ ਤੇ ਬਾਗਬਾਨਾਂ ਨੂੰ ਦਿੱਤੇ ਗਏ ਸੇਬਾਂ ਦੇ ਰੇਟ ਵੀ ਦੇਵਭੂਮੀ ਕੰਪਨੀ ਦੇ ਬਰਾਬਰ ਹਨ।