ਏਅਰ ਚੀਫ਼ ਮਾਰਸ਼ਲ ਅਮਰ ਪ੍ਰੀਤ ਸਿੰਘ (ਏਪੀ ਸਿੰਘ) ਨੇ ਸੋਮਵਾਰ ਨੂੰ ਭਾਰਤੀ ਹਵਾਈ ਫ਼ੌਜ ਦੇ ਨਵੇਂ ਮੁਖੀ ਵਜੋਂ ਅਹੁਦਾ ਸੰਭਾਲ ਲਿਆ। ਉਨ੍ਹਾਂ ਸੋਮਵਾਰ ਨੂੰ ਸੇਵਾ-ਮੁਕਤ ਹੋਏ ਏਅਰ ਚੀਫ਼ ਮਾਰਸ਼ਲ ਵੀਆਰ ਚੌਧਰੀ ਦੀ ਥਾਂ ਲਈ ਹੈ, ਜਿਨ੍ਹਾਂ ਨੂੰ ਇਸ ਤੋਂ ਪਹਿਲਾਂ ਇਥੇ ਭਾਰਤੀ ਹਵਾਈ ਫ਼ੌਜ ਦੇ ਹੈਡਕੁਆਰਟਰ ਵਾਯੂ ਭਵਨ ਵਿਖੇ ਇਕ ਸ਼ਾਨਦਾਰ ਸਮਾਗਮ ਦੌਰਾਨ ਨਿੱਘੀ ਵਿਦਾਇਗੀ ਦਿੱਤੀ ਗਈ। ਏਅਰ ਚੀਫ਼ ਮਾਰਸ਼ਲ ਚੌਧਰੀ ਨੇ ਇਸ ਅਹੁਦੇ ਉਤੇ ਤਿੰਨ ਸਾਲ ਸੇਵਾ ਨਿਭਾਈ ਹੈ।ਏਅਰ ਚੀਫ਼ ਮਾਰਸ਼ਲ ਏਪੀ ਸਿੰਘ ਪਹਿਲਾਂ ਹਵਾਈ ਫ਼ੌਜ ਦੇ ਉਪ ਮੁਖੀ ਸਨ। ਉਨ੍ਹਾਂ ਦਾ ਜਨਮ 27 ਅਕਤੂਬਰ, 1964 ਨੂੰ ਹੋਇਆ ਅਤੇ ਉਨ੍ਹਾਂ ਨੂੰ ਭਾਰਤੀ ਹਵਾਈ ਫ਼ੌਜ ਦੀ ਫਾਈਟਰ ਪਾਇਲਟ ਸਟਰੀਮ ਵਿਚ ਦਸੰਬਰ 1984 ਵਿਚ ਕਮਿਸ਼ਨ ਪ੍ਰਾਪਤ ਹੋਇਆ ਸੀ।