ਇਜ਼ਰਾਈਲ ਨੇ ਐਤਵਾਰ ਤੜਕੇ ਦੱਖਣੀ ਲਿਬਨਾਨ ਵਿਚ ਹਵਾਈ ਹਮਲੇ ਕਰਕੇ ਦਹਿਸ਼ਤੀ ਸਮੂਹ ਹਿਜ਼ਬੁੱਲ੍ਹਾ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ। ਹਾਲਾਂਕਿ ਇਨ੍ਹਾਂ ਹਮਲਿਆਂ ਤੋਂ ਕੁਝ ਦੇਰ ਬਾਅਦ ਹਿਜ਼ਬੁੱਲਾ ਨੇ ਵੀ ਆਪਣੇ ਇਕ ਸਿਖਰਲੇ ਕਮਾਂਡਰ ਫੁਆਦ ਸ਼ੁਕੂਰ ਦੀ ਹੱਤਿਆ ਦਾ ਬਦਲਾ ਲੈਣ ਲਈ ਇਜ਼ਰਾਈਲ ’ਤੇ ਸੈਂਕੜੇ ਰਾਕੇਟਾਂ ਤੇ ਡਰੋਨਾਂ ਨਾਲ ਹਮਲਾ ਕਰ ਦਿੱਤਾ। ਇਨ੍ਹਾਂ ਹਮਲਿਆਂ ਕਰਕੇ ਜਿੱਥੇ ਖਿੱਤੇ ਵਿਚ ਅਮਰੀਕਾ, ਇਰਾਨ ਤੇ ਖੇਤਰ ਦੇ ਦਹਿਸ਼ਤੀ ਸਮੂਹਾਂ ਵਿਚਾਲੇ ਵੱਡੀ ਜੰਗ ਲੱਗਣ ਦਾ ਖ਼ਤਰਾ ਵਧ ਗਿਆ ਹੈ, ਉਥੇ ਪਿਛਲੇ ਦਸ ਮਹੀਨਿਆਂ ਤੋਂ ਗਾਜ਼ਾ ਵਿਚ ਜੰਗਬੰਦੀ ਸਮਝੌਤੇ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਸੱਟ ਵੱਜ ਸਕਦੀ ਹੈ।ਇਜ਼ਰਾਇਲੀ ਫੌਜ ਨੇ ਕਿਹਾ ਕਿ ਹਿਜ਼ਬੁੱਲ੍ਹਾ ਵੱਲੋਂ ਇਜ਼ਰਾਈਲ ਵੱਲ ਰਾਕੇਟ ਤੇ ਮਿਜ਼ਾਈਲਾਂ ਨਾਲ ਹਮਲਾ ਕੀਤੇ ਜਾਣ ਦੀਆਂ ਵਿਉਂਤਾਂ ਘੜੀਆਂ ਜਾ ਰਹੀਆਂ ਸਨ।