ਪੱਛਮੀ ਕੈਨੇਡਾ ਵਿੱਚ ਅਲਬਰਟਾ ਦੇ ਜੈਸਪਰ ਨੈਸ਼ਨਲ ਪਾਰਕ ਦੇ ਜੰਗਲਾਂ ’ਚ ਲੱਗੀ ਅੱਗ ਵਧਦੀ ਜਾ ਰਹੀ ਹੈ ਅਤੇ ਇਸ ਕਾਰਨ ਇਹਤਿਆਤ ਵਜੋਂ ਸਥਾਨਕ ਇਲਾਕੇ ’ਚੋਂ ਤਕਰੀਬਨ 25,000 ਵਾਸੀ ਘਰਾਂ ਤੋਂ ਨਿਕਲ ਗਏ ਹਨ। ਸਥਾਨਕ ਮੀਡੀਆ ਦੀਆਂ ਖ਼ਬਰਾਂ ’ਚ ਇਹ ਜਾਣਕਾਰੀ ਦਿੱਤੀ ਗਈ। ਕੈਨੇਡੀਅਨ ਰੌਕੀਜ਼ (ਪਰਬਤ ਲੜੀ) ਦੇ ਸਭ ਤੋਂ ਵੱਡੇ ਜੈਸਪਰ ਨੈਸ਼ਨਲ ਪਾਰਕ ਅਤੇ ਜੈਸਪਰ ਟਾਊਨ ਸਾਈਟ ਵਾਸੀਆਂ ਸਣੇ ਸਾਰਿਆਂ ਨੂੰ ਸੋਮਵਾਰ ਦੇਰ ਰਾਤ ਘਰ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਦੂਜੇ ਪਾਸੇ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਹਾਲੇ ਨਹੀਂ ਲੱਗ ਸਕਿਆ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਅੱਗ ਬਿਜਲੀ ਡਿੱਗਣ ਕਾਰਨ ਲੱਗੀ ਹੋ ਸਕਦੀ ਹੈ। ਅੱਗ ਦਾ ਘੇਰਾ 6,750 ਹੈਕਟੇਅਰ ਦੱਸਿਆ ਜਾ ਰਿਹਾ ਹੈ। ਹਾਲਾਤ ਦੇ ਮੱਦੇਨਜ਼ਰ ਪਾਰਕਸ ਕੈਨੇਡਾ ਵੱਲੋਂ 6 ਅਗਸਤ ਤੱਕ ਸਾਰੀਆਂ ਕੈਂਪਿੰਗ ਰਿਜ਼ਰਵੇਸ਼ਨ ਰੱਦ ਕੀਤੀਆਂ ਜਾ ਚੁੱਕੀਆਂ ਹਨ।
