ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਵੈਧ ਦਸਤਾਵੇਜ਼ਾਂ ਦੇ ਬਿਨਾਂ ਅਮਰੀਕਾ ਵਿਚ ਰਹਿ ਰਹੇ ਭਾਰਤੀਆਂ ਦੀ ਵੈਧ ਵਾਪਸੀ ਲਈ ਹਮੇਸ਼ਾ ਤਿਆਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅਜੇ ਵੀ ਅਮਰੀਕਾ ਤੋਂ ਉਨ੍ਹਾਂ ਲੋਕਾਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਵਿੱਚ ਹੈ, ਜਿਨ੍ਹਾਂ ਨੂੰ ਭਾਰਤ ਭੇਜਿਆ ਜਾ ਸਕਦਾ ਹੈ ਅਤੇ ਅਜੇ ਇਸ ਤਰ੍ਹਾਂ ਦੇ ਵਿਅਕਤੀਆਂ ਦੀ ਗਿਣਤੀ ਦਾ ਪਤਾ ਨਹੀਂ ਲੱਗ ਸਕਦਾ।
ਜੈਸ਼ੰਕਰ ਨੇ ਇੱਥੇ ਭਾਰਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਇੱਕ ਸਰਕਾਰ ਦੇ ਰੂਪ ਵਿੱਚ ਅਸੀਂ ਸਪਸ਼ਟ ਤੌਰ ’ਤੇ (ਲੋਕਾਂ ਦੀ) ਵੈਧ ਆਵਾਜਾਈ ਦੇ ਵੱਡੇ ਸਮਰਥਕ ਹਾਂ। ਅਸੀਂ ਚਾਹੁੰਦੇ ਹਾਂ ਕਿ ਭਾਰਤੀ ਪ੍ਰਤਿਭਾ ਅਤੇ ਭਾਰਤੀ ਹੁਨਰ ਨੂੰ ਵਿਸ਼ਵ ਪੱਧਰ ’ਤੇ ਜ਼ਿਆਦਾ ਮੌਕੇ ਮਿਲਣ। ਇਸ ਦੇ ਨਾਲ ਹੀ ਅਸੀਂ ਗੈਰ-ਕਾਨੂੰਨੀ ਆਵਾਜਾਈ ਅਤੇ ਗੈਰ-ਕਾਨੂੰਨੀ ਪ੍ਰਵਾਸ ਦਾ ਵੀ ਦ੍ਰਿੜ੍ਹਤਾ ਨਾਲ ਵਿਰੋਧ ਕਰਦੇ ਹਾਂ।’’
