ਡਾ. ਅੰਬੇਡਕਰ ਦੀ ਮੂਰਤੀ ਤੇ ਮਾਰੇ ਹਥੌੜੇ

ਅੰਮ੍ਰਿਤਸਰ ਵਿਖੇ ਕੋਤਵਾਲੀ ਨਜ਼ਦੀਕ ਲੱਗੇ ਡਾ. ਬੀ ਆਰ ਅੰਬੇਡਕਰ ਦੇ ਬੁੱਤ ਨਾਲ ਤੋੜਭੰਨ ਦੀ ਕੋਸ਼ਿਸ਼ ਕਰਨ ਦੇ ਇਲਜ਼ਾਮ ਹੇਠ ਅੱਜ ਪੁਲਿਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਧਰਮਕੋਟ ਵਾਸੀ ਅਕਾਸ਼ ਸਿੰਘ ਵਜੋਂ ਹੋਈ ਹੈ। ਉਸ ਨੇ ਕਥਿਤ ਤੌਰ ’ਤੇ ਇਕ ਲੋਹੇ ਦੀ ਪੌੜੀ ਦੀ ਮਦਦ ਨਾਲ ਹਥੌੜੇ ਸਮੇਤ ਬੁੱਤ ’ਤੇ ਚੜ੍ਹ ਕੇ ਤੋੜਭੰਨ ਦੀ ਕੋਸ਼ਿਸ਼ ਕੀਤੀ ਸੀ।
ਭਾਜਪਾ ਆਗੂ ਵਿਜੇ ਸਾਂਪਲਾ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਸੀ ਅਤੇ ਇਕ ਸੋਸ਼ਲ ਮੀਡੀਆ ਪੋਸਟ ਰਾਹੀਂ ਕਿਹਾ ਸੀ, ‘‘ਡਾ. ਅੰਬੇਦਕਰ ਜੀ ਦੀ ਮੂਰਤੀ ਦਾ ਹਰਿਮੰਦਰ ਸਾਹਿਬ ਦੇ ਗਲਿਆਰੇ ’ਚ ਕੀਤਾ ਅਪਮਾਨ ਬਹੁਤ ਹੀ ਨਿੰਦਣਯੋਗ ਹੈ।ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਮ੍ਰਿਤਸਰ ਵਿਖੇ ਕੋਤਵਾਲੀ ਨਜ਼ਦੀਕ ਲੱਗੇ ਡਾ. ਬੀ ਆਰ ਅੰਬੇਡਕਰ ਦੇ ਬੁੱਤ ਦੀ ਕਥਿਤ ਛੇੜਛਾੜ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਗਲਿਆਰੇ ਨਾਲ ਜੋੜਨਾ ਬਿਲਕੁਲ ਗਲਤ ਦੱਸਿਆ ਹੈ। ਕਮੇਟੀ ਨੇ ਸਾਬਕਾ ਸਾਂਸਦ ਵਿਜੇ ਸਾਂਪਲਾ ਵਲੋਂ ਕੀਤੇ ਦਾਅਵੇ ਨੂੰ ਵੀ ਨਕਾਰਦੇ ਹੋਏ ਇਹ ਪ੍ਰਤੀਕਰਮ ਦਿੱਤਾ ਹੈ। ਕਮੇਟੀ ਨੇ ਕਿਹਾ ਹੈ ਕਿ ਇਹ ਬੁੱਤ ਪਾਰਟੀਸ਼ੀਸ਼ਨ ਮਿਊਜ਼ਿਅਮ ਅਤੇ ਕੋਤਵਾਲੀ ਦੇ ਨਜ਼ਦੀਕ ਪੈਂਦਾ ਹੈ ਜਿੱਥੇ ਹਰ ਤਰ੍ਹਾਂ ਦੀ ਜਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੈ। ਸ਼੍ਰੋਮਣੀ ਕਮੇਟੀ ਦੇ ਸਕੱਤਰ ਵੱਲੋ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਮੇਟੀ ਡਾ. ਅੰਬੇਡਕਰ ਜੀ ਦਾ ਸਤਿਕਾਰ ਕਰਦੀ ਹੈ ਅਤੇ ਉਨ੍ਹਾਂ ਦੇ ਬੁੱਤ ਨਾਲ ਛੇੜਛਾੜ ਦੀ ਘਟਨਾ ਦੀ ਵੀ ਨਿੰਦਾ ਕਰਦੀ ਹੈ। ਪਰੰਤੂ ਸ੍ਰੀ ਵਿਜੇ ਸਾਂਪਲਾ ਵੱਲੋਂ ਇਸ ਘਟਨਾ ਨੂੰ ਸ੍ਰੀ ਹਰਿਮੰਦਰ ਸਾਹਿਬ ਨਾਲ ਜੋੜ ਕੇ ਸਵਾਲ ਕਰਨੇ ਸੰਗਤ ਅਤੇ ਲੋਕਾਂ ਵਿੱਚ ਭੁਲੇਖਾ ਪੈਦਾ ਕਰਨ ਦੀ ਹਰਕਤ ਹੈ, ਜੋ ਕਿ ਅਤਿ ਨਿੰਦਣਯੋਗ ਹੈ।

Spread the love