ਅਮਰੀਕੀ ਖਜ਼ਾਨਾ ਵਿਭਾਗ ਨੇ ਇਕ ਬਿਆਨ ‘ਚ ਕਿਹਾ ਕਿ ਚੀਨ, ਸਵਿਟਜ਼ਰਲੈਂਡ, ਥਾਈਲੈਂਡ ਅਤੇ ਤੁਰਕੀ ਦੀਆਂ ਕੰਪਨੀਆਂ ‘ਤੇ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸ ਦਾ ਕਾਰਨ ਇਹ ਹੈ ਕਿ ਇਹ ਕੰਪਨੀਆਂ ਰੂਸ ਨੂੰ ਉੱਨਤ ਤਕਨੀਕ ਅਤੇ ਸਾਜ਼ੋ-ਸਾਮਾਨ ਮੁਹੱਈਆ ਕਰਵਾ ਰਹੀਆਂ ਹਨ ਜਿਸ ਦੀ ਵਰਤੋਂ ਰੂਸ ਆਪਣੀ ਜੰਗੀ ਪ੍ਰਣਾਲੀ ਨੂੰ ਚਲਾਉਣ ਲਈ ਕਰ ਰਿਹਾ ਹੈ। ਅਮਰੀਕਾ ਨੇ ਰੂਸ ਦੇ ਫੌਜੀ-ਉਦਯੋਗਿਕ ਅਦਾਰਿਆਂ ਨੂੰ ਕਥਿਤ ਤੌਰ ‘ਤੇ ਸਮਰਥਨ ਕਰਨ ਦੇ ਦੋਸ਼ ‘ਚ 15 ਭਾਰਤੀ ਕੰਪਨੀਆਂ ਸਮੇਤ 275 ਲੋਕਾਂ ਅਤੇ ਇਕਾਈਆਂ ‘ਤੇ ਵੀ ਪਾਬੰਦੀਆਂ ਲਗਾਈਆਂ ਹਨ। ਖਜ਼ਾਨਾ ਵਿਭਾਗ ਦੇ ਉਪ ਸਕੱਤਰ ਵੈਲੀ ਐਡਮੋ ਨੇ ਕਿਹਾ ਕਿ ਅਮਰੀਕਾ ਦੁਨੀਆ ਭਰ ਦੀਆਂ ਕੰਪਨੀਆਂ ‘ਤੇ ਨਜ਼ਰ ਰੱਖ ਰਿਹਾ ਹੈ ਜੋ ਰੂਸ ਨੂੰ ਯੂਕਰੇਨ ਦੇ ਖਿਲਾਫ ਅਨੈਤਿਕ ਜੰਗ ਛੇੜਨ ‘ਚ ਮਦਦ ਕਰਦੀਆਂ ਹਨ। ਇਸ ਦੇ ਨਾਲ ਹੀ ਐਡਮੋ ਨੇ ਕਿਹਾ ਕਿ ਅੱਜ ਦੀ ਕਾਰਵਾਈ ਤੋਂ ਸਾਫ਼ ਹੈ ਕਿ ਅਮਰੀਕਾ ਰੂਸ ਦੀ ਲੜਾਕੂ ਸਮਰੱਥਾ ਨੂੰ ਵਿਕਸਤ ਨਹੀਂ ਹੋਣ ਦੇਵੇਗਾ। ਅਸੀਂ ਉਨ੍ਹਾਂ ਲੋਕਾਂ ਜਾਂ ਸੰਸਥਾਵਾਂ ਨੂੰ ਰੋਕਣ ਲਈ ਵਚਨਬੱਧ ਹਾਂ ਜੋ ਰੂਸ ਦੀ ਮਦਦ ਕਰਦੇ ਹਨ। ਜੇਕਰ ਭਾਰਤ ਦੀਆਂ ਪਾਬੰਦੀਸ਼ੁਦਾ ਕੰਪਨੀਆਂ ਦੀ ਗੱਲ ਕਰੀਏ ਤਾਂ ਖਜ਼ਾਨਾ ਵਿਭਾਗ ਅਨੁਸਾਰ ਭਾਰਤ ਸਥਿਤ ਅਭਾਰ ਟੈਕਨਾਲੋਜੀ ਐਂਡ ਸਰਵਿਸਿਜ਼ ਪ੍ਰਾਈਵੇਟ ਲਿਮਟਿਡ, ਦਾਨਵਾਸ ਸਰਵਿਸਿਜ਼ ਪ੍ਰਾਈਵੇਟ ਲਿਮਟਿਡ, ਐਮਸਿਸਟੇਕ, ਗਲੈਕਸੀ ਬੀਅਰਿੰਗਜ਼ ਲਿਮਟਿਡ ਅਤੇ ਹੋਰ ਕੰਪਨੀਆਂ ‘ਤੇ ਪਾਬੰਦੀ ਲਗਾਈ ਗਈ ਹੈ।