ਬੰਗਲੂਰੂ ’ਚ ਖੁੱਲ੍ਹਿਆ ਅਮਰੀਕੀ ਕੌਂਸਲੇਟ

ਅਮਰੀਕਾ ਵੱਲੋਂ ਬੰਗਲੂਰੂ ਵਿੱਚ ਨਵਾਂ ਕੌਂਸਲਖ਼ਾਨਾ ਖੋਲ੍ਹਿਆ ਗਿਆ ਹੈ। ਭਾਰਤ ਵਿੱਚ ਪੰਜਵੇਂ ਅਮਰੀਕੀ ਕੌਂਸਲਖਾਨੇ ਦੇ ਖੋਲ੍ਹਣ ਸਬੰਧੀ ਅੱਜ ਕਰਵਾਏ ਸਮਾਰੋਹ ’ਚ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਨੇ ਅਮਰੀਕਾ ਨੂੰ ਬੰਗਲੂਰੂ ਵਿੱਚ ਅਮਰੀਕੀ ਕੌਂਸਲਖਾਨਾ ਸਥਾਪਤ ਕਰਨ ਦੀ ਅਪੀਲ ਕੀਤੀ ਸੀ ਅਤੇ ਲਾਸ ਏਂਜਲਸ ਵਿੱਚ ਭਾਰਤੀ ਕੌਂਸਲਖਾਨਾ ਖੋਲ੍ਹਣ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਛੇਤੀ ਹੀ ਲਾਸ ਏਂਜਲਸ ਵਿੱਚ ਭਾਰਤੀ ਕੌਂਸਲਖਾਨਾ ਖੋਲ੍ਹਿਆ ਜਾਵੇਗਾ। ਅਮਰੀਕੀ ਕੌਂਸਲਖਾਨਾ ਛੇਤੀ ਹੀ ਬੰਗਲੂਰੂ ਵਿੱਚ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਜੈਸ਼ੰਕਰ ਨੇ ਕਿਹਾ, ‘‘ਇਸ ਦਾ ਲੰਮੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ। ਮੇਰਾ ਮੰਨਣਾ ਹੈ ਕਿ ਬੰਗਲੂਰੂ ਇਸ ਦਾ ਹੱਕਦਾਰ ਸੀ ਅਤੇ ਇਸ ਦੀ ਉਮੀਦ ਵੀ ਸੀ।’’ ਵਿਦੇਸ਼ ਮੰਤਰੀ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਤੰਬਰ 2023 ਵਿੱਚ ਅਮਰੀਕਾ ਦੌਰੇ ਦੌਰਾਨ ਬੰਗਲੂਰੂ ਵਿੱਚ ਕੌਂਸਲਖਾਨਾ ਖੋਲ੍ਹਣ ਦਾ ਮਸਲਾ ਚੁੱਕਿਆ ਸੀ। ਭਾਰਤ ਵਿੱਚ ਅਮਰੀਕੀ ਰਾਜਦੂਤ ਐਰਿਕ ਗਾਰਸੈਟੀ ਨੇ ਕਿਹਾ ਕਿ ਸ਼ੁਰੂਆਤ ਵਿੱਚ ਬੰਗਲੂਰੂ ਸਥਿਤ ਕੌਂਸਲਖਾਨਾ ਵੀਜ਼ਾ ਸੇਵਾਵਾਂ ਨਹੀਂ ਦੇਵੇਗਾ। ਜੈਸ਼ੰਕਰ ਨੇ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਵੀਜ਼ਾ ਸੇਵਾਵਾਂ ਵੀ ਸ਼ੁਰੂ ਕਰਨ ਦੀ ਅਪੀਲ ਕੀਤੀ।ਜੈਸ਼ੰਕਰ ਨੇ ਕਿਹਾ, ‘‘ਮੈਂ ਅੰਕੜਿਆਂ ਦੀ ਜਾਂਚ ਕਰ ਰਿਹਾ ਸੀ ਅਤੇ ਇਹ ਦੇਖ ਕੇ ਖੁਸ਼ੀ ਹੋਈ ਕਿ ਪਿਛਲੇ ਸਾਲ ਆਰਪੀਓ (ਖੇਤਰੀ ਪਾਸਪੋਰਟ ਦਫ਼ਤਰ) ਬੰਗਲੂਰੂ ਨੇ 8,83,000 ਪਾਸਪੋਰਟ ਜਾਰੀ ਕੀਤੇ। ਇਹ ਸਿਰਫ਼ ਇੱਕ ਸਾਲ ਦਾ ਅੰਕੜਾ ਹੈ। ਹਿਸਾਬ ਲਾ ਕੇ ਦੇਖੋ ਅਤੇ ਤੁਸੀਂ ਦੇਖੋਂਗੇ ਕਿ ਯਾਤਰਾ ਨੂੰ ਸੁਚਾਰੂ ਬਣਾਉਣਾ ਕਿੰਨਾ ਅਹਿਮ ਹੈ।’’

Spread the love