ਭਾਈ ਅੰਮ੍ਰਿਤਪਾਲ ਸਿੰਘ ਟੀਮ ਵੱਲੋਂ 13 ਨਵੰਬਰ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੇ ਚਾਰ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਲਈ ਉਮੀਦਵਾਰ ਖੜੇ ਨਾ ਕੀਤੇ ਜਾਣ ਦਾ ਫ਼ੈਸਲਾ ਕਿਸੇ ਵਕਤੀ ਕਾਰਨ ਦੀ ਬਜਾਏ ਲੰਮੇ ਵਿਚਾਰ-ਮਸ਼ਵਰੇ ਬਾਅਦ ਲਿਆ ਗਿਆ ਹੈ ।ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਵਹੀਰ ਦੇ ਟੀਮ ਮੈਂਬਰਾਂ ਬਾਪੂ ਤਰਲੋਕ ਸਿੰਘ ਜੱਲੂਪੁਰ , ਸਰਬਜੀਤ ਸਿੰਘ ਐੱਮ ਪੀ ਫ਼ਰੀਦਕੋਟ, ਸੁਖਵਿੰਦਰ ਸਿੰਘ ਅਗਵਾਨ ਤੇ ਸਮੂਹ ਟੀਮ ਨੇ ਜ਼ਿਮਨੀ ਚੋਣਾਂ ਨੂੰ ਲੈ ਕੇ ਮੀਡੀਏ ਵਿੱਚ ਕੀਤੀਆਂ ਜਾ ਰਹੀਆਂ ਕਿਆਸੀ-ਅਰਾਈਆਂ ਬਾਰੇ ਪ੍ਰਤੀਕਰਮ ਪ੍ਰਗਟਾਉਂਦੇ ਹੋਏ ਕਿਹਾ ਕਿ ਚੋਣਾਂ ਨਾ ਲੜਨ ਦਾ ਫ਼ੈਸਲਾ, ਗੰਭੀਰ ਵਿਚਾਰ ਚਰਚਾ ਤੋਂ ਬਾਅਦ ਲਿਆ ਗਿਆ। ਚਰਚਾ ਵਿੱਚ ਇਹ ਸਿੱਟਾ ਨਿਕਲ ਕੇ ਆਇਆ ਕਿ ਜ਼ਿਮਨੀ ਚੋਣਾਂ ਨੂੰ ਹਰੇਕ ਹਲਕੇ ਵਿੱਚ ਕੇਵਲ ਇੱਕ ਸਾਂਝੇ ਪੰਥਕ ਉਮੀਦਵਾਰ ਵਾਲੀ ਸਥਿਤੀ ਵਿੱਚ ਹੀ ਪ੍ਰਭਾਵਸ਼ਾਲੀ ਢੰਗ ਨਾਲ ਲੜਿਆ ਜਾ ਸਕਦਾ ਸੀ, ਪਰ ਮੌਜੂਦਾ ਸਮੇਂ ਵੱਖ-ਵੱਖ ਪੰਥਕ ਧਿਰਾਂ ਦੇ ਸਬੰਧਾਂ ਵਿਚਲੀ ਆਪਸੀ ਕੁੜੱਤਣ ਨੂੰ ਵੇਖਦਿਆਂ ਅਜਿਹਾ ਕਰ ਸਕਣਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਜਾਪਦਾ ।ਦੂਜਾ ਵੱਡਾ ਕਾਰਨ ਇਸ ਵਕਤ ਸਾਡਾ ਸਭ ਤੋਂ ਵੱਡਾ ਟੀਚਾ ਲੀਹੋਂ ਲੱਥੀ ਹੋਈ ਪੰਥਕ ਰਾਜਨੀਤੀ ਨੂੰ ਰਾਹ ਉੱਪਰ ਲਿਆਉਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਦੇ ਕਾਰਜ ਉੱਪਰ ਆਪਣਾ ਸਾਰਾ ਧਿਆਨ ਕੇਂਦਰਿਤ ਕਰਨਾ ਹੈ ।
