ਮੱਧ ਪ੍ਰਦੇਸ਼ ਦੇ ਰੀਵਾ ਜ਼ਿਲੇ ‘ਚ ਦੋ ਔਰਤਾਂ ਨੂੰ ਜ਼ਿੰਦਾ ਦੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਔਰਤਾਂ ਨਿੱਜੀ ਜ਼ਮੀਨ ‘ਤੇ ਜਬਰੀ ਸੜਕ ਬਣਾਉਣ ਦਾ ਵਿਰੋਧ ਕਰ ਰਹੀਆਂ ਸਨ। ਹਾਲਾਂਕਿ ਦੋਵਾਂ ਔਰਤਾਂ ਨੂੰ ਸਮੇਂ ਸਿਰ ਬਾਹਰ ਕੱਢ ਲਿਆ ਗਿਆ। ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇੱਕ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਘਟਨਾ ਰੀਵਾ ਜ਼ਿਲੇ ਦੇ ਮਾਂਗਵਾਂ ਥਾਣਾ ਖੇਤਰ ਦੇ ਗਾਗੇਵ ਚੌਕੀ ਅਧੀਨ ਪੈਂਦੇ ਪਿੰਡ ਹਿਨੌਤਾ ਜੋਰੌਤ ਵਿੱਚ ਵਾਪਰੀ। ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਘਟਨਾ ਨਾਲ ਸਬੰਧਤ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਕਾਂਗਰਸੀ ਆਗੂਆਂ ਨੇ ਵੀ ਇਹ ਗੱਲ ਸਾਂਝੀ ਕਰਕੇ ਸਵਾਲ ਖੜ੍ਹੇ ਕੀਤੇ ਹਨ।ਨਿੱਜੀ ਜ਼ਮੀਨ ‘ਤੇ ਸੜਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਆਸ਼ਾ ਪਾਂਡੇ ਅਤੇ ਮਮਤਾ ਪਾਂਡੇ ਅਤੇ ਹੋਰ ਔਰਤਾਂ ਇਸ ਗੱਲ ਦਾ ਵਿਰੋਧ ਕਰ ਰਹੀਆਂ ਸਨ। ਜਿਵੇਂ ਹੀ ਡੰਪਰ ਸੜਕ ‘ਤੇ ਲਾਲ ਬਜਰੀ ਸੁੱਟਣ ਲਈ ਅੱਗੇ ਵਧਿਆ ਤਾਂ ਔਰਤਾਂ ਉਸ ਦੇ ਪਿੱਛੇ ਖੜ੍ਹ ਗਈਆਂ। ਉਸੇ ਸਮੇਂ ਡੰਪਰ ਚਾਲਕ ਨੇ ਇਨ੍ਹਾਂ ਔਰਤਾਂ ‘ਤੇ ਲਾਲ ਬਜਰੀ ਨਾਲ ਭਰੀ ਟਰਾਲੀ ਨੂੰ ਖੋਲ ਦਿੱਤਾ ਅਤੇ ਔਰਤਾਂ ਲਾਲ ਬਜਰੀ ਹੇਠਾਂ ਦੱਬ ਗਈਆਂ। ਪਿੰਡ ਵਾਸੀਆਂ ਦੀ ਮਦਦ ਨਾਲ ਲਾਲ ਬਜਰੀ ਵਿੱਚ ਦੱਬੀਆਂ ਔਰਤਾਂ ਨੂੰ ਬਾਹਰ ਕੱਢਿਆ ਗਿਆ। ਜੇਕਰ ਲਾਲ ਬਜਰੀ ਨੂੰ ਹਟਾਉਣ ਵਿੱਚ ਥੋੜ੍ਹੀ ਦੇਰ ਵੀ ਹੁੰਦੀ ਤਾਂ ਔਰਤਾਂ ਦੀ ਮੌਤ ਹੋ ਸਕਦੀ ਸੀ।
