ਪਾਕਿਸਤਾਨ ਲਈ ਸੋਨੇ ਦਾ ਤਗ਼ਮਾ ਜਿੱਤਣ ਵਾਲੇ ਅਰਸ਼ਦ ਨੂੰ ਪਿੰਡ ਵਾਲੇ ‘ਰੂਸੀ ਟ੍ਰੈਕਟਰ’ ਕਹਿੰਦੇ

ਪਾਕਿਸਤਾਨ ਲਈ ਪੈਰਿਸ ਓਲੰਪਿਕ ਖੇਡਾਂ ਵਿੱਚ ਜੈਵਲਿਨ ਥ੍ਰੋ ਵਿੱਚ ਸੋਨੇ ਦਾ ਤਗਮਾ ਜਿੱਤਣ ਤੋਂ ਬਾਅਦ ਅਰਸ਼ਦ ਨੂੰ ਚਾਹੁਣ ਵਾਲਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ।ਅਰਸ਼ਦ ਪਾਕਿਸਤਾਨ ਦੇ ਲਈ ਦਹਾਕਿਆਂ ਬਾਅਦ ਕੋਈ ਵੀ ਓਲੰਪਿਕ ਮੈਡਲ ਜਿੱਤਣ ਵਾਲੇ ਖਿਡਾਰੀ ਬਣ ਗਏ ਹਨ। ਅਰਸ਼ਦ ਨਦੀਮ ਦੀ ਮਾਂ ਰਜ਼ੀਆ ਪਰਵੀਨ ਕਹਿੰਦੇ ਹਨ, “ਮੈਂ ਬਹੁਤ ਅਰਦਾਸਾਂ ਕਰਦੀ ਸੀ ਅਤੇ ਮੇਰਾ ਦਿਲ ਚਾਹੁੰਦਾ ਸੀ ਕਿ ਮੇਰਾ ਪੁੱਤ ਮੈਡਲ ਜਿੱਤੇ ਅਤੇ ਪਾਕਿਸਤਾਨ ਦਾ ਨਾਮ ਰੌਸ਼ਨ ਕਰੇ।”ਅਰਸ਼ਦ ਨਦੀਮ ਦਾ ਸਬੰਧ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਮੀਆਂ ਚੰਨੂ ਨਾਂ ਦੀ ਥਾਂ ਨਾਲ ਹੈ। ਉਨ੍ਹਾਂ ਦੇ ਪਿਤਾ ਰਾਜ ਮਿਸਤਰੀ ਹਨ, ਜਿਨ੍ਹਾਂ ਨੇ ਆਪਣੇ ਪੁੱਤ ਦਾ ਹਰ ਪੈਰ ਉੱਤੇ ਭਰੋਸਾ ਵਧਾਇਆ।
ਅਰਸ਼ਦ ਨਦੀਮ ਨੇ ਇਸ ਸਾਲ ਮਾਰਚ ਵਿੱਚ ਮੁਕਾਬਲੇ ਵਿੱਚ ਜਾਣ ਤੋਂ ਪਹਿਲਾਂ ਬੀਬੀਸੀ ਨੂੰ ਦੱਸਿਆ ਸੀ ਕਿ ਉਨ੍ਹਾਂ ਦੇ ਕੋਲ ਸਿਰਫ਼ ਇੱਕ ਅੰਤਰਾਸ਼ਟਰੀ ਪੱਧਰ ਵਾਲਾ ਜੈਵਲਿਨ ਹੈ ਜੋ ਇਸ ਵੇਲੇ ਖ਼ਰਾਬ ਸਥਿਤੀ ਵਿੱਚ ਹੈ।ਉੱਥੇ ਹੀ ਉਨ੍ਹਾਂ ਦੇ ਮੁਕਾਬਲੇਬਾਜ਼ ਖਿਡਾਰੀ ਭਾਰਤ ਦੇ ਨੀਰਜ ਚੋਪੜਾ ਦੇ ਲਈ ਸਰਕਾਰ ਨੇ ਟੋਕੀਓ ਓਲੰਪਿਕ ਤੋਂ ਪਹਿਲਾਂ 177 ਜੈਵਲਿਨ ਖਰੀਦੇ ਸਨ।ਉਨ੍ਹਾਂ ਨੇ ਦੱਸਿਆ ਸੀ, ”ਉਸ ਜੈਵਲਿਨ ਦੀ ਕੀਮਤ ਕਰੀਬ ਸੱਤ ਤੋਂ ਅੱਠ ਲੱਖ ਰੁਪਏ ਹੈ ਜਿਸ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।”
ਸਾਧਨਾਂ ਦੀ ਕਮੀ ਨੂੰ ਲੈ ਕੇ ਅਰਸ਼ਦ ਦੇ ਵੱਡੇ ਭਰਾ ਸ਼ਾਹਿਦ ਅਜ਼ੀਮ ਕਹਿੰਦੇ ਹਨ, “ਸਾਨੂੰ ਪਤਾ ਸੀ ਕਿ ਅਰਸ਼ਦ ਨੂੰ ਸਾਧਨਾਂ ਦੀ ਨਹੀਂ ਦੁਆਵਾਂ ਦੀ ਲੋੜ ਹੈ।”ਸ਼ਾਹਿਦ ਦੱਸਦੇ ਹਨ, “ਅਰਸ਼ਦ ਨੂੰ ਪਿੰਡ ਵਿੱਚ ‘ਰੂਸੀ ਟ੍ਰੈਕਟਰ’ ਕਿਹਾ ਜਾਂਦਾ ਹੈ ਕਿਉਂਕਿ ਅੱਲ੍ਹਾਂ ਨੇ ਉਨ੍ਹਾਂ ਨੂੰ ਬਹੁਤ ਤਾਕਤ ਦਿੱਤੀ ਹੈ।”ਇਸ ਗੱਲ ਨੂੰ ਸਮਝਾਉਂਦੇ ਹੋਏ ਉਹ ਕਹਿੰਦੇ ਹਨ, “ਬਾਕੀ ਜਿੰਨੇ ਵੀ ਟ੍ਰੈਕਟਰ ਹੁੰਦੇ ਹਨ, ਉਨ੍ਹਾਂ ਦੀ ਸਾਰਿਆਂ ਦੀ ਭਾਰ ਖਿੱਚਣ ਦੀ ਹੱਦ ਹੁੰਦੀ ਹੈ, ਤੁਸੀਂ ਇਸਦੇ ਪਿੱਛੇ ਜਿੰਨਾ ਵੀ ਵਜ਼ਨ ਪਾਓ, ਉਹ ਉਸ ਨੂੰ ਖਿੱਚ ਲੈਂਦਾ ਹੈ।”ਅਰਸ਼ਦ ਦੇ ਦੂਜੇ ਭਰਾ ਸ਼ਾਹਿਦ ਨਦੀਮ ਦੱਸਦੇ ਹਨ ਕਿ ਉਨ੍ਹਾਂ ਨੂੰ ਇਹ ਤਾਂ ਉਮੀਦ ਸੀ ਕਿ ਉਨ੍ਹਾਂ ਦਾ ਭਰਾ ਗੋਲਡ ਮੈਡਲ ਲੈ ਕੇ ਆਏਗਾ ਪਰ ਉਨ੍ਹਾਂ ਨੇ ਇਹ ਨਹੀਂ ਸੋਚਿਆ ਸੀ ਕਿ ਉਹ ਇਤਿਹਾਸ ਵੀ ਬਣਾ ਦੇਵੇਗਾ।

Spread the love