ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਦੇ ਮਛੇਦੀ ਵਿਚ ਦਹਿਸ਼ਤਗਰਦਾਂ ਨੇ ਅੱਜ ਫੌਜੀ ਵਾਹਨ ’ਤੇ ਹਮਲਾ ਕਰ ਦਿੱਤਾ ਜਿਸ ਨਾਲ ਫ਼ੌਜ ਦੇ ਚਾਰ ਜਵਾਨ ਸ਼ਹੀਦ ਹੋ ਗਏ ਤੇ ਛੇ ਜ਼ਖ਼ਮੀ ਹੋ ਗਏ। ਦਹਿਸ਼ਤਗਰਦਾਂ ਨੇ ਫੌਜੀ ਵਾਹਨ ’ਤੇ ਉਸ ਵੇਲੇ ਹਮਲਾ ਕੀਤਾ ਜਦੋਂ ਸੁਰੱਖਿਆ ਬਲਾਂ ਵੱਲੋਂ ਇਲਾਕੇ ਵਿਚ ਗਸ਼ਤ ਕੀਤੀ ਜਾ ਰਹੀ ਸੀ।ਇਹ ਹਮਲਾ ਕਠੂਆ ਤੋਂ 150 ਕਿਲੋਮੀਟਰ ਦੂਰ ਲੋਹਾਈ ਮਲਹਾਰ ਦੇ ਬਦਨੋਟਾ ਪਿੰਡ ਨੇੜੇ ਅੱਜ ਦੁਪਹਿਰ ਕਰੀਬ 3.30 ਵਜੇ ਕੀਤਾ ਗਿਆ। ਫੌਜ ਦੇ ਜਵਾਨ ਮਛੇਦੀ-ਕਿੰਡਲੀ-ਮਲਹਾਰ ਰੋਡ ’ਤੇ ਆਮ ਵਾਂਗ ਗਸ਼ਤ ਕਰ ਰਹੇ ਸਨ ਕਿ ਦਹਿਸ਼ਤਗਰਦਾਂ ਨੇ ਫੌਜੀ ਵਾਹਨ ’ਤੇ ਗਰਨੇਡ ਸੁੱਟਿਆ ਅਤੇ ਗੋਲੀਬਾਰੀ ਕੀਤੀ।ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਕੀਤੀ ਪਰ ਦਹਿਸ਼ਤਗਰਦ ਨੇੜਲੇ ਜੰਗਲ ਵੱਲ ਭੱਜ ਗਏ। ਆਖਰੀ ਰਿਪੋਰਟ ਮਿਲਣ ਤੱਕ ਦਹਿਸ਼ਤਗਰਦਾਂ ਅਤੇ ਸੁਰੱਖਿਆ ਬਲਾਂ ਦਰਮਿਆਨ ਰੁਕ-ਰੁਕ ਕੇ ਗੋਲੀਬਾਰੀ ਚੱਲ ਰਹੀ ਸੀ। ਉਨ੍ਹਾਂ ਦੱਸਿਆ ਕਿ ਇਸ ਹਮਲੇ ਤੋਂ ਬਾਅਦ ਹੋਰ ਸੁਰੱਖਿਆ ਬਲ ਭੇਜੇ ਗਏ ਹਨ। ਇਹ ਪਤਾ ਲੱਗਿਆ ਹੈ ਕਿ ਇਨ੍ਹਾਂ ਦਹਿਸ਼ਤਗਰਦਾਂ ਨੇ ਹਾਲ ਹੀ ਵਿੱਚ ਸਰਹੱਦ ਪਾਰ ਤੋਂ ਘੁਸਪੈਠ ਕੀਤੀ ਸੀ। ਇਕ ਅਧਿਕਾਰੀ ਨੇ ਦੱਸਿਆ, ‘ਅੱਜ ਦੇ ਦਹਿਸ਼ਤੀ ਹਮਲੇ ਵਿਚ 10 ਜਵਾਨ ਜ਼ਖਮੀ ਹੋ ਗਏ ਅਤੇ ਉਨ੍ਹਾਂ ਵਿਚੋਂ ਚਾਰ ਨੇ ਬਾਅਦ ’ਚ ਦਮ ਤੋੜ ਦਿੱਤਾ। ਦੱਸਣਾ ਬਣਦਾ ਹੈ ਕਿ ਪਿਛਲੇ ਚਾਰ ਹਫ਼ਤਿਆਂ ਵਿੱਚ ਕਠੂਆ ਜ਼ਿਲ੍ਹੇ ਵਿੱਚ ਇਹ ਦੂਜੀ ਵੱਡੀ ਘਟਨਾ ਹੈ।