ਆਸਟਰੇਲੀਆ ਵਿੱਚ ਚੱਕਰਵਾਤੀ ਤੂਫਾਨ ਅਲਫਰੈੱਡ ਨੇ ਲੋਕਾਂ ਦਾ ਜਨ ਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਕੁਈਨਜ਼ਲੈਂਡ ਸੂਬੇ ਵਿਚ ਅੱਜ ਬਿਜਲੀ ਨਹੀਂ ਆਈ ਜਿਸ ਕਾਰਨ ਲੱਖਾਂ ਲੋਕਾਂ ਨੇ ਬਿਜਲੀ ਤੋਂ ਬਿਨਾਂ ਡੰਗ ਟਪਾਇਆ। ਇਸ ਤੂਫਾਨ ਕਾਰਨ ਤੇਜ਼ ਹਵਾਵਾਂ ਚੱਲੀਆਂ ਤੇ ਮੀਂਹ ਪਿਆ। ਮੌਸਮ ਵਿਭਾਗ ਨੇ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਬਿਜਲੀ ਸਪਲਾਈ ਕਰਨ ਵਾਲੇ ਐਨਰਜੈਕਸ ਨੇ ਬਿਆਨ ਵਿੱਚ ਕਿਹਾ ਕਿ ਕੁਈਨਜ਼ਲੈਂਡ ਦੇ ਦੱਖਣ-ਪੂਰਬ ਵਿੱਚ ਲਗਪਗ 316,540 ਲੋਕ ਬਿਜਲੀ ਤੋਂ ਬਿਨਾਂ ਰਹੇ। ਇਨ੍ਹਾਂ ਵਿਚੋਂ ਗੋਲਡ ਕੋਸਟ ਸ਼ਹਿਰ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਜਿੱਥੇ ਤੂਫਾਨ ਕਾਰਨ 112,000 ਤੋਂ ਵੱਧ ਲੋਕਾਂ ਨੇ ਬਿਜਲੀ ਤੋਂ ਬਿਨਾਂ ਸਮਾਂ ਬਿਤਾਇਆ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਕਿਹਾ ਕਿ ਕੁਈਨਜ਼ਲੈਂਡ ਅਤੇ ਉੱਤਰੀ ਨਿਊ ਸਾਊਥ ਵੇਲਜ਼ ਵਿੱਚ ਅਚਾਨਕ ਹੜ੍ਹਾਂ ਅਤੇ ਤੇਜ਼ ਹਵਾਵਾਂ ਕਾਰਨ ਸਥਿਤੀ ਬਹੁਤ ਗੰਭੀਰ ਬਣੀ ਹੋਈ ਹੈ।
