ਪੈਰਿਸ ਪੈਰਾਲੰਪਿਕ ਵਿੱਚ ਭਾਰਤ ਦੀ ਅਵਨੀ ਲੇਖਰਾ ਨੇ ਔਰਤਾਂ ਦੇ 10 ਮੀਟਰ ਏਅਰ ਰਾਈਫਲ ਸ਼ੂਟਿੰਗ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਿਆ ਹੈ।ਅਵਨੀ ਸਾਲ 2022 ਵਿੱਚ ਬੀਬੀਸੀ ਦੇ ਇੰਡੀਅਨ ਸਪੋਰਟਸ ਵੂਮਨ ਆਫ਼ ਦਿ ਈਅਰ ਐਵਾਰਡ ਦੇ ਤੀਜੇ ਸੀਜ਼ਨ ਲਈ ਨਾਮਜ਼ਦ ਵੀ ਹੋਏ ਹਨ।ਅਵਨੀ ਪਹਿਲਾਂ ਕੋਰੀਆਈ ਸ਼ੂਟਰ ਯੁਨਰੀ ਲੀ ਤੋਂ 0.8 ਨਾਲ ਪਿਛੜ ਰਹੇ ਸਨ ਪਰ ਕੋਰੀਆਈ ਸ਼ੂਟਰ ਦਾ ਆਖ਼ਰੀ ਸ਼ਾਟ ਸਿਰਫ 6.8 ਪੁਆਇੰਟ ਹਾਸਿਲ ਕਰ ਸਕਿਆ । ਜਦਕਿ ਅਵਨੀ ਨੇ 10.5 ਦਾ ਸਕੋਰ ਹਾਸਿਲ ਕੀਤਾ।ਅਵਨੀ ਨੇ 249.7 ਪੁਆਇੰਟ ਹਾਸਿਲ ਕੀਤਾ ਜਦਕਿ ਯੁਨਰੀ ਲੀ ਨੇ 246.8 ਪੁਆਇੰਟ ਹਾਸਿਲ ਕੀਤੇ ਅਤੇ ਇਸੇ ਨਾਲ ਉਹ ਆਖ਼ਰੀ ਰਾਊਂਡ ਵਿੱਚ ਸਿਖ਼ਰ ਉੱਤੇ ਪਹੁੰਚ ਗਈ।ਇਸੇ ਏਵੰਟ ਵਿੱਚ ਖੇਡ ਰਹੇ ਭਾਰਤ ਦੇ ਮੋਨਾ ਅਗਰਵਾਲ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ। ਮੋਨਾ ਅਗਰਵਾਲ ਨੇ 228.7 ਪੁਆਇੰਟ ਹਾਸਿਲ ਕੀਤੇ।ਪੈਰਿਸ ਪੈਰਾਲੰਪਿਕਸ ਤੋਂ ਪਹਿਲਾਂ 19 ਸਾਲ ਦੀ ਉਮਰ ਵਿੱਚ ਅਵਨੀ ਲੇਖਰਾ ਨੇ ਟੋਕੀਓ ਪੈਰਾਲੰਪਿਕਸ ਵਿੱਚ ਦੋ ਮੈਡਲ ਜਿੱਤੇ ਸਨ ਅਤੇ ਅਜਿਹਾ ਕਰਨ ਵਾਲੇ ਉਹ ਭਾਰਤ ਦੇ ਪਹਿਲੇ ਖਿਡਾਰਣ ਸਨ।ਹੁਣ ਇੱਕ ਹੋਰ ਮੈਡਲ ਜਿੱਤਣ ਦੇ ਨਾਲ ਉਹ ਪੈਰਾਲੰਪਿਕਸ ਵਿੱਚ ਤਿੰਨ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਮਹਿਲਾ ਐਥਲੀਟ ਬਣ ਗਏ ਹਨ।ਅਵਨੀ ਲੇਖਰਾ ਰਾਜਸਥਾਨ ਦੇ ਜੈਪੁਰ ਸ਼ਹਿਰ ਦੇ ਰਹਿਣ ਵਾਲੇ ਹਨ ਅਤੇ ਉਹ ਕਾਨੂੰਨ ਦੀ ਪੜ੍ਹਾਈ ਕਰ ਰਹੇ ਹਨ। ਸਾਲ 2012 ਵਿੱਚ ਉਹ ਇੱਕ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਗਏ ਸਨ।ਇਸ ਕਰਕੇ ਉਨ੍ਹਾਂ ਨੂੰ ਸਪਾਈਨਲ ਕਾਰਡ ਯਾਨਿ ਰੀੜ ਦੀ ਹੱਡੀ ਨਾਲ ਜੁੜੀਆਂ ਤਕਲੀਫ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਹਾਦਸੇ ਤੋਂ ਬਾਅਦ ਉਹ ਵੀਲ੍ਹ ਚੇਅਰ ਦੇ ਸਹਾਰੇ ਹੀ ਚੱਲ ਸਕਦੇ ਹਨ ਪਰ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਸ਼ੂਟਿੰਗ ਵਿੱਚ ਆਪਣੀ ਕਿਸਮਤ ਅਜ਼ਮਾਈ ਜਿੱਥੇ ਉਨ੍ਹਾਂ ਨੇ ਲਗਾਤਾਰ ਸਫਲਤਾਵਾਂ ਹਾਸਲ ਕੀਤੀਆਂ।