Kangana Ranaut slap : ਹਿਮਾਚਲ ’ਚ ਚੰਡੀਗੜ੍ਹ ਪੁਲਿਸ ਦੇ ਸਿੱਖ ਅਫ਼ਸਰ ਨਾਲ ਮਾੜਾ ਵਿਵਹਾਰ

ਚੰਡੀਗੜ੍ਹ ਪੁਲਿਸ ਦੇ ਇਕ ਏਐਸਆਈ ਪਰਮਜੀਤ ਸਿੰਘ ’ਤੇ ਉਨ੍ਹਾਂ ਦੇ ਪਰਵਾਰ ਨਾਲ ਹਿਮਾਚਲ ਪ੍ਰਦੇਸ਼ ’ਚ ਮਾੜਾ ਵਿਵਹਾਰ ਹੋਣ ਦੀ ਖ਼ਬਰ ਮਿਲੀ ਹੈ। ਡਲਹੌਜ਼ੀ ਦੇ ਸਥਾਨਕ ਨਿਵਾਸੀਆਂ ਨੇ ਚੰਡੀਗੜ੍ਹ ’ਚ ਨਵੀਂ ਐਮ.ਪੀ. ਕੰਗਨਾ ਰਨੌਤ ਦੇ ਥੱਪੜ ਮਾਰੇ ਜਾਣ ਦਾ ਹਵਾਲਾ ਦਿੰਦਿਆਂ ਪਰਮਜੀਤ ਸਿੰਘ ਨਾਲ ਮਾੜਾ ਸਲੂਕ ਕੀਤਾ। ਮਿਲੀ ਜਾਣਕਾਰੀ ਅਨੁਸਾਰ ਏਐਸਆਈ ਪਰਮਜੀਤ ਸਿੰਘ ਅਪਣੇ ਪਰਵਾਰ ਨਾਲ ਛੁਟੀਆਂ ’ਚ ਪਹਾੜਾਂ ’ਤੇ ਘੁੰਮਣ ਲਈ ਡਲਹੌਜ਼ੀ ਲਾਗਲੇ ਸਟੇਸ਼ਨ ਖਜਿਆਰ ਆਏ ਸਨ। ਜਦੋਂ ਉਨ੍ਹਾਂ ਪਹਿਲਾਂ ਤੋਂ ਖੜ੍ਹੀਆਂ ਕਾਰਾਂ ਨਾਲ ਅਪਣੀ ਕਾਰ ਖੜ੍ਹੀ ਕੀਤੀ, ਤਾਂ ਕੁੱਝ ਸਥਾਨਕ ਨਿਵਾਸੀਆਂ ਨੇ ਉਨ੍ਹਾਂ ਦਾ ਜ਼ੋਰਦਾਰ ਵਿਰੋਧ ਕੀਤਾ ਅਤੇ ਨਾਲ ਹੀ ਟਿਪਣੀਆਂ ਕੀਤੀਆਂ, ‘‘ਤੁਸੀਂ ਅਪਣੇ ਸੂਬੇ ’ਚ ਸਾਡੇ ਐਮਪੀ ਦੇ ਥੱਪੜ ਮਾਰਿਆ ਤੇ ਹੁਣ ਸਾਡੇ ਤੋਂ ਆਸ ਕਰਦੇ ਹੋ ਕਿ ਅਸੀਂ ਤੁਹਾਡਾ ਸਵਾਗਤ ਕਰੀਏ।’’ ਉਸ ਵੇਲੇ ਮਾਮਲਾ ਹੋਰ ਵੀ ਵਿਗੜ ਗਿਆ, ਜਦੋਂ ਹਿਮਾਚਲ ਪੁਲਿਸ ਦੇ ਇਕ ਏਐਸਆਈ ਨੇ ਵੀ ਕਥਿਤ ਤੌਰ ’ਤੇ ਪਰਮਜੀਤ ਸਿੰਘ ਨਾਲ ਮਾੜਾ ਵਿਹਾਰ ਕੀਤਾ। ਇਸ ਘਟਨਾ ਤੋਂ ਬਾਅਦ ਪਰਮਜੀਤ ਸਿੰਘ ਉਸੇ ਦਿਨ (9 ਜੂਨ ਨੂੰ) ਚੰਡੀਗੜ੍ਹ ਪਰਤ ਆਏ ਤੇ ਤੁਰਤ ਈ-ਮੇਲ ਰਾਹੀਂ ਹਿਮਾਚਲ ਪ੍ਰਦੇਸ਼ ਦੇ ਡੀਜੀਪੀ ਨੂੰ ਸ਼ਿਕਾਇਤ ਭੇਜੀ।

Spread the love