ਅਮਰੀਕਾ ਦੇ ਡੈਨਵਰ ਹਵਾਈ ਅੱਡੇ ’ਤੇ ਭਾਈ ਬਲਦੇਵ ਸਿੰਘ ਵਡਾਲਾ ਨੂੰ ਸੁਰੱਖਿਆ ਚੈਕ ਵਾਸਤੇ ਪੱਗ ਲਾਹੁਣ ਵਾਸਤੇ ਆਖਿਆ ਗਿਆ। ਵਡਾਲਾ ਨੇ ਇਕ ਫੇਸਬੁੱਕ ਪੋਸਟ ਵਿਚ ਇਹ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਹੈ ਕਿ ਸਾਨੂੰ ਕਿਹਾ ਗਿਆ ਕਿ ਜੇਕਰ ਪੱਗ ਨਾ ਲਾਹੀ ਤਾਂ ਫਿਰ ਸਾਨੂੰ ਜਹਾਜ਼ ਨਹੀਂ ਚੜ੍ਹਨ ਦਿੱਤਾ ਜਾਵੇਗਾ।ਵਡਾਲਾ ਨੇ ਕਿਹਾ ਕਿ ਅਸੀਂ ਆਪਣੀ ਪੱਗ ਲਾਹੁਣ ਨਾਲੋਂ ਅਮਰੀਕਾ ਛੱਡਣ ਨੂੰ ਤਰਜੀਹ ਦਿਆਂਗੇ। ਵਡਾਲਾ ਨੇ ਕਿਹਾ ਕਿ ਸਾਡੀ ਪੱਗ ਸਾਨੂੰ ਜਾਨ ਤੋਂ ਵੀ ਪਿਆਰੀ ਹੈ। ਉਹਨਾਂ ਦੱਸਿਆ ਕਿ ਸਾਡੀਆਂ ਟਿਕਟਾਂ ਰੱਦ ਕਰ ਦਿੱਤੀਆਂ ਗਈਆਂ।ਉਹਨਾਂ ਨੇ ਅਮਰੀਕਾ ਦੀਆਂ ਸਿੱਖ ਸੰਸਥਾਵਾਂ, ਸਿੰਘ ਸਭਾਵਾਂ ਤੇ ਸਿੱਖ ਜਥੇਬੰਦੀਆਂ ਨੂੰ ਕਿਹਾ ਹੈ ਕਿ ਉਹ ਇਹ ਮਾਮਲਾ ਤੁਰੰਤ ਅਮਰੀਕਾ ਸਰਕਾਰ ਕੋਲ ਚੁੱਕਣ। ਉਹਨਾਂ ਕਿਹਾ ਕਿ ਇਹ ਮਾਮਲਾ ਪੱਗ ਦਾ ਹੈ ਜੋ ਸਿੱਖੀ ਦੀ ਪਛਾਣ ਹੈ। ਉਹਨਾਂ ਕਿਹਾ ਕਿ ਜੇਕਰ ਪੱਗ ਚਲੀ ਗਈ ਤਾਂ ਫਿਰ ਸਾਡੇ ਪੱਲੇ ਕੀ ਰਹਿ ਜਾਵੇਗਾ। ਉਹਨਾਂ ਕਿਹਾ ਕਿ ਕਿਥੇ ਘਾਟ ਹੈ। ਉਹਨਾਂਕਿਹਾ ਕਿ ਕਿਸਦੀ ਗਲਤੀ ਹੈ, ਸਰਕਾਰ, ਹਵਾਈ ਅੱਡੇ ਦੇ ਅਧਿਕਾਰੀਆਂ ਜਾਂ ਸਿੱਖ ਆਗੂਆਂ ਦੀ ਅਤੇ ਸੰਗਠਨਾਂ ਦੀ ? ਗੁਰਦੁਆਰਾ ਕਮੇਟੀਆਂ ਦੀ? ਉਹਨਾਂ ਕਿਹਾ ਕਿ ਜੋ ਸਾਡੇ ਨਾਲ ਅੱਜ ਵਾਪਰਿਆ ਕੱਲ੍ਹ ਕਿਸੇ ਨਾਲ ਵੀ ਵਾਪਰ ਸਕਦਾ ਹੈ। ਇਹ ਬਹੁਤ ਜ਼ਲੀਲ ਕਰਨ ਵਾਲੀ ਗੱਲ ਹੈ। ਸਾਨੂੰ ਪੰਜ ਘੰਟੇ ਤੱਕ ਖਜੱਲ ਖੁਆਰ ਕੀਤਾ ਗਿਆ।