ਰੇਵਾੜੀ ਦੇ ਇਕ ਵਿਅਕਤੀ ਨੂੰ ਆਸਟਰੇਲੀਆਂ ਦੀ ਸਿਡਨੀ ਕੋਰਟ ਦੇ ਜੱਜ ਮਾਈਕਲ ਕਿੰਗ ਨੇ ਪੰਜ ਕੋਰਿਆਈ ਲੜਕੀਆਂ ਨੂੰ ਹਵਸ ਦਾ ਸ਼ਿਕਾਰ ਬਣਾਉਣ ’ਤੇ 40 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਫ਼ੈਸਲੇ ਵਿੱਚ ਲਿਖਿਆ ਕਿ 30 ਸਾਲ ਤੋਂ ਪਹਿਲਾਂ ਅਜਿਹੇ ਨਿਰਦਈ ਮੁਲਜ਼ਮ ਨੂੰ ਪੈਰੋਲ ਨਹੀਂ ਦਿੱਤੀ ਜਾਵੇਗੀ।ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਬਾਲੇਸ਼ ਧਨਖੜ (43) ਸਾਲ-2006 ਵਿੱਚ ਪੜ੍ਹਾਈ ਕਰਨ ਆਸਟਰੇਲੀਆ ਗਿਆ ਸੀ। ਉਸ ਨੇ ਵਿਦੇਸ਼ ਵਿੱਚ ਕਈ ਕੰਪਨੀਆਂ ਵਿੱਚ ਡੇਟਾ ਵਿਜੂੁਅਲਾਈਜੇਸ਼ਨ ਸਲਾਹਕਾਰ ਵਜੋਂ ਕੰਮ ਕੀਤਾ। ਮੁਲਜ਼ਮ ’ਤੇ ਦੋਸ਼ ਲੱਗੇ ਹਨ ਕਿ ਉਸ ਨੇ ਸਾਲ 2017 ਵਿੱਚ 21 ਤੋਂ 27 ਸਾਲ ਦੀ ਉਮਰ ਵਾਲੀਆਂ ਪੰਜ ਕੋਰਿਆਈ ਲੜਕੀਆਂ ਨੂੰ ਨੌਕਰੀ ਲਈ ਸੱਦਿਆ ਅਤੇ ਉਨ੍ਹਾਂ ਨਸ਼ੀਲੀ ਦਵਾਈ ਦੇ ਕੇ ਜਬਰ-ਜਨਾਹ ਕੀਤਾ। ਆਸਟਰੇਲੀਆ ਪੁਲੀਸ ਨੇ ਸਾਲ-2018 ਵਿੱਚ ਬਾਲੇਸ਼ ਦੇ ਕਮਰੇ ਵਿੱਚ ਛਾਪਾ ਮਾਰ ਕੇ ਉਸ ਦੇ ਕਮਰੇ ਵਿੱਚੋਂ ਦਰਜਨ ਤੋਂ ਵੱਧ ਮਹਿਲਾਵਾਂ ਨਾਲ ਨਾਜਾਇਜ਼ ਸਬੰਧਾਂ ਦੀਆਂ ਵੀਡੀਓ ਬਰਾਮਦ ਕੀਤੀਆਂ, ਜੋ ਉਸ ਨੇ ਕਮਰੇ ’ਚ ਲੁਕਵੇਂ ਢੰਗ ਨਾਲ ਕੈਮਰੇ ਲਗਾ ਕੇ ਰਿਕਾਰਡ ਕੀਤੀਆਂ ਸਨ।
