ਆਪਣੇ ਭਰਾ ਕੁਲਵੰਤ ਸਿੰਘ ਰਾਜੋਆਣਾ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਆਏ ਬਲਵੰਤ ਸਿੰਘ ਰਾਜੋਆਣਾ ਨੇ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲ ਸਮੇਂ ਵਿਚ ਆਪਸੀ ਝਗੜਿਆਂ ਕਾਰਣ ਸਿੱਖ ਸੰਸਥਾਵਾਂ ਕਮਜ਼ੋਰ ਹੋਈਆਂ ਹਨ। ਉਹਨਾਂ ਕਿਹਾ ਕਿ ਉਹ ਬੁਲਾਰੇ ਨਹੀਂ ਹਨ ਤੇ ਉਹਨਾਂ ਨੂੰ ਭਾਸ਼ਣ ਦੇਣਾ ਨਹੀਂ ਆਉਂਦਾ ਪਰ ਜੋ ਗੱਲਾਂ ਮੇਰੇ ਦਿਲ ਵਿਚ ਹਨ, ਉਹ ਮੈਂ ਜ਼ਰੂਰ ਕਰਾਂਗਾ। ਉਹਨਾਂ ਕਿਹਾ ਕਿ ਜੇਕਰ ਸਾਡੀਆਂ ਸੰਸਥਾਵਾਂ ਕਮਜ਼ੋਰ ਹੋਣਗੀਆਂ ਤਾਂ ਸਾਡੇ ਨਾਲ ਬੇਇਨਸਾਫੀ ਹੁੰਦੀ ਰਹੇਗੀ। ਉਹਨਾਂ ਕਿਹਾ ਕਿ 31 ਮਾਰਚ 2012 ਨੂੰ ਜਦੋਂ ਮੈਨੂੰ ਫਾਂਸੀ ਦੇ ਹੁਕਮ ਦਿੱਤੇ ਗਏ ਸਨ ਤਾਂ ਸਿੱਖ ਕੌਮ ਨੇ ਆਪਣੇ ਘਰਾਂ ’ਤੇ ਕੇਸਰੀ ਝੰਡੇ ਝੁਲਾਏ ਸਨ ਤੇ ਇਕਜੁੱਟ ਹੋ ਕੇ ਮੇਰੀ ਫਾਂਸੀ ਦੀ ਸਜ਼ਾ ਰੁਕਵਾਈ ਸੀ। ਉਹਨਾਂ ਕਿਹਾ ਕਿ ਅੱਜ 12 ਸਾਲ ਬੀਤਣ ’ਤੇ ਵੀ ਉਹਨਾਂ ਦੇ ਕੇਸ ਦਾ ਕੋਈ ਫੈਸਲਾ ਨਹੀਂ ਆਇਆ। ਉਹਨਾਂ ਕਿਹਾ ਕਿ ਉਹ ਇੰਨੇ ਸਾਲਾਂ ਤੋਂ ਫਾਂਸੀ ਦੀ ਚੱਕੀ ਵਿਚ ਬੰਦ ਹਨ ਪਰ ਕੇਸ ਦਾ ਫੈਸਲਾ ਹੀ ਨਹੀਂ ਲਿਆ ਜਾ ਰਿਹਾ।ਉਹਨਾਂ ਕਿਹਾ ਕਿ ਜੋ ਉਹਨਾਂ ਨੇ ਕੀਤਾ, ਉਹਨਾਂ ਨੇ ਅਦਾਲਤ ਵਿਚ ਉਹ ਸਵੀਕਾਰ ਕੀਤਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਫਾਂਸੀ ਦੀ ਸਜ਼ਾ ਖਿਲਾਫ ਕਦੇ ਕੋਈ ਅਪੀਲ ਨਹੀਂ ਕੀਤੀ। ਉਹਨਾਂ ਕਿਹਾ ਕਿ ਉਹ ਤਾਂ ਸਿਰਫ ਕੇਸ ’ਤੇ ਫੈਸਲੇ ਦੀ ਮੰਗ ਕਰ ਰਹੇ ਹਨ।ਉਹਨਾਂ ਇਹ ਵੀ ਕਿਹਾ ਕਿ ਸਰਕਾਰ ਉਹਨਾਂ ਨੂੰ ਕਹਿ ਰਹੀ ਹੈ ਕਿ ਉਹ ਆਪਣਾ ਵਕੀਲ ਕਰ ਕੇ ਅਦਾਲਤ ਵਿਚ ਕੇਸ ਲੜਨ।