ਬਾਇਡਨ ਨੇ ਟਰੰਪ ਨੂੰ ਦੱਸਿਆ 6 ਸਾਲ ਦਾ ਬੱਚਾ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵਾਸ਼ਿੰਗਟਨ ਦੇ ਸਿਆਸੀ ਤੇ ਮੀਡੀਆ ਵਰਗ ਵੱਲੋਂ ਰੱਖੇ ਸਾਲਾਨਾ ਰਾਤਰੀ ਭੋਜ ਮੌਕੇ ਆਪਣੇ ਸਿਆਸੀ ਵਿਰੋਧੀ ਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਤਨਜ਼ ਕੱਸਿਆ ਤੇ ਉਨ੍ਹਾਂ ਦੀ ਉਮਰ ਦਾ ਮਜ਼ਾਕ ਉਡਾਉਂਦਿਆਂ ਕਿਹਾ, ‘ਮੈਂ ਇੱਕ ਵੱਡਾ ਆਦਮੀ ਹਾਂ ਜੋ ਛੇ ਸਾਲ ਦੇ ਬੱਚੇ ਖ਼ਿਲਾਫ਼ ਲੜ ਰਿਹਾ ਹੈ।’ਲੰਘੀ ਰਾਤ ਵ੍ਹਾਈਟ ਹਾਊਸ ਕੌਰਸਪੌਂਡੈਂਟ ਐਸੋਸੀਏਸ਼ਨ (ਡਬਲਯੂਐੱਚਸੀਏ) ਦੇ ਰਾਤਰੀ ਭੋਜ ਦੌਰਾਨ 81 ਸਾਲਾ ਬਾਇਡਨ ਨੂੰ 77 ਸਾਲਾ ਟਰੰਪ ਦੀ ਆਲੋਚਨਾ ਜਾਰੀ ਰੱਖਣ ਲਈ ਮੰਚ ਮੁਹੱਈਆ ਕੀਤਾ ਗਿਆ। ਇਹ ਉੱਚ ਪੱਧਰੀ ਪ੍ਰੋਗਰਾਮ ਬਾਇਡਨ ਦੇ ਇਜ਼ਰਾਈਲ-ਹਮਾਸ ਜੰਗ ਨਾਲ ਨਜਿੱਠਣ ਦੇ ਢੰਗ ਦੇ ਵੱਧਦੇ ਵਿਰੋਧ ਦਰਮਿਆਨ ਕਰਵਾਇਆ ਗਿਆ ਹੈ। ਆਪਣੇ ਦਸ ਮਿੰਟ ਦੇ ਭਾਸ਼ਣ ਦੌਰਾਨ ਰਾਸ਼ਟਰਪਤੀ ਨੇ ਟਰੰਪ ਨੂੰ ਨਿਸ਼ਾਨੇ ’ਤੇ ਰੱਖਿਆ ਤੇ ਕਿਹਾ, ‘ਬੇਸ਼ੱਕ 2024 ਦੀਆਂ ਚੋਣਾਂ ਸਿਖਰ ’ਤੇ ਹਨ ਅਤੇ ਹਾਂ, ਉਮਰ ਇੱਕ ਮਸਲਾ ਹੈ। ਮੈਂ ਇੱਕ ਵੱਡਾ ਹੋ ਰਿਹਾ ਵਿਅਕਤੀ ਹਾਂ ਜੋ ਛੇ ਸਾਲ ਦੇ ਬੱਚੇ ਖ਼ਿਲਾਫ਼ ਲੜ ਰਿਹਾ ਹੈ।’ ਇਸ ਸਮਾਗਮ ’ਚ ਤਿੰਨ ਹਜ਼ਾਰ ਦੇ ਕਰੀਬ ਪੱਤਰਕਾਰ, ਮਸ਼ਹੂਰ ਹਸਤੀਆਂ ਤੇ ਸਿਆਸਤਦਾਨ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਉਮਰ ਹੀ ਇੱਕੋ-ਇੱਕ ਚੀਜ਼ ਹੈ ਜੋ ਸਾਡੇ ਵਿਚਾਲੇ ਇੱਕੋ ਜਿਹੀ ਹੈ। ਬਾਇਡਨ ਨੇ ਆਪਣੀ ਤੇ ਟਰੰਪ ਦੀ ਚੋਣ ਮੁਹਿੰਮ ਵਿਚਾਲੇ ਫਰਕ ਵੀ ਸਾਂਝਾ ਕੀਤਾ। ਸਟੇਟ ਆਫ ਦਿ ਯੂਨੀਅਨ ਦੇ ਸੰਬੋਧਨ ਤੋਂ ਬਾਅਦ ਬਾਇਡਨ ਦੀ ਮੁਹਿੰਮ ਕਾਫੀ ਤੇਜ਼ ਹੋ ਚੁੱਕੀ ਹੈ। ਜ਼ਿਕਰਯੋਗ ਹੈ ਕਿ ਬਾਇਡਨ ਤੇ ਟਰੰਪ ਦੋਵੇਂ 5 ਨਵੰਬਰ ਦੀ ਰਾਸ਼ਟਰਪਤੀ ਦੇ ਅਹੁਦੇ ਦੀ ਦੌੜ ’ਚ ਆਪੋ-ਆਪਣੀ ਪਾਰਟੀ ਦੀ ਨਾਮਜ਼ਦਗੀ ਹਾਸਲ ਕਰਨ ਲਈ ਲੋੜੀਂਦੇ ਨੁਮਾਇੰਦਿਆਂ ਦੀ ਹਮਾਇਤ ਹਾਸਲ ਕਰ ਚੁੱਕੇ ਹਨ।

Spread the love