ਜਲੰਧਰ ਤੋਂ ਨਵੇਂ ਚੁਣੇ ਸੰਸਦ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਕਿਸੇ ਵੀ ਸਮੇਂ ਪੰਜਾਬ ’ਚ ਭਗਵੰਤ ਮਾਨ ਦੀ ਅਗਵਾਈ ਹੇਠਲੀ ‘ਆਪ’ ਸਰਕਾਰ ਡੇਗ ਸਕਦੀ ਹੈ। ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਚੰਨੀ ਨੇ ਕਿਹਾ ਕਿ ਭਾਜਪਾ ਨੇ ਭਾਈਚਾਰਿਆਂ ਨੂੰ ਵੰਡਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਵੋਟਰਾਂ ਨੇ ਉਨ੍ਹਾਂ ਨੂੰ ਨਕਾਰ ਦਿੱਤਾ।ਚੰਨੀ ਨੇ ਕਿਹਾ, ‘ਭਾਜਪਾ ਨੇ ਹਿੰਦੂਆਂ ਤੇ ਦਲਿਤ ਵੋਟਰਾਂ ਨੂੰ ਵੰਡਣ ਲਈ ਫਿਰਕਾਪ੍ਰਸਤੀ ਦਾ ਸਹਾਰਾ ਲਿਆ ਪਰ ਉਹ ਇਸ ਵਿੱਚ ਕਾਮਯਾਬ ਨਾ ਹੋ ਸਕੇ ਕਿਉਂਕਿ ਲੋਕਾਂ ਨੇ ਉਸ ਦੀ ‘ਪਾੜੋ ਤੇ ਰਾਜ ਕਰੋ’ ਦੀ ਨੀਤੀ ਰੱਦ ਕਰ ਦਿੱਤੀ।’ ਉਨ੍ਹਾਂ ਕਿਹਾ ਕਿ ਦੂਜੇ ਪਾਸੇ ਪੰਜਾਬ ਦੇ ਵੋਟਰਾਂ ਨੇ ‘ਆਪ’ ਸਰਕਾਰ ਤੋਂ ਮੋਹ ਭੰਗ ਹੋਣ ਕਾਰਨ ਕਾਂਗਰਸ ਦੇ ਹੱਕ ’ਚ ਫਤਵਾ ਦਿੱਤਾ ਹੈ। ਉਨ੍ਹਾਂ ਕਿਹਾ, ‘ਲੋਕਾਂ ਨੂੰ ਮੇਰਾ ਮੁੱਖ ਮੰਤਰੀ ਵਜੋਂ 111 ਦਿਨਾਂ ਦਾ ਕਾਰਜਕਾਲ ਯਾਦ ਹੈ ਅਤੇ ਉਨ੍ਹਾਂ ਦੇਖ ਲਿਆ ਹੈ ਕਿ ‘ਆਪ’ ਉਹ ਮਸਲੇ ਹੱਲ ਕਰਨ ਵਿੱਚ ਨਾਕਾਮ ਰਹੀ ਹੈ, ਜੋ ਉਸ ਨੇ ਸੱਤਾ ’ਚ ਆਉਣ ਲਈ ਉਠਾਏ ਸਨ।’ ਭਗਵੰਤ ਮਾਨ ਨੂੰ ਅਹੁਦਾ ਛੱਡਣ ਲਈ ਆਖਦਿਆਂ ਚੰਨੀ ਨੇ ਕਿਹਾ, ‘ਪਾਰਟੀ ਆਗੂ ’ਚ ਸਰਕਾਰ ਚਲਾਉਣ ਦੀ ਕਾਬਲੀਅਤ ਹੋਣੀ ਚਾਹੀਦੀ ਹੈ। ਮੈਂ ਹਮੇਸ਼ਾ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਅਜੇ ਵੀ ਸਟੇਜ (ਬਤੌਰ ਕਲਾਕਾਰ) ਚਲਾ ਰਹੇ ਨੇ, ਸਰਕਾਰ ਨਹੀਂ। ਉਨ੍ਹਾਂ ਨੂੰ ਅਹੁਦਾ ਛੱਡ ਕੇ ਕਿਸੇ ਹੋਰ ਨੂੰ ਸਰਕਾਰ ਚਲਾਉਣ ਦਾ ਮੌਕਾ ਦੇਣਾ ਚਾਹੀਦਾ ਹੈ।’
