ਬਲੌਕ ਕਿਊਬੈਕਵਾ ਦੇ ਲੀਡਰ ਈਵ-ਫ਼੍ਰੈਂਸਆ ਬਲੌਂਸ਼ੇ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਕੰਜ਼ਰਵੇਟਿਵਜ਼ ਵੱਲੋਂ ਅਗਲੇ ਹਫ਼ਤੇ ਪੇਸ਼ ਕੀਤੇ ਜਾਣ ਵਾਲੇ ਬੇਭਰੋਸਗੀ ਮਤੇ ਦੇ ਵਿਰੁੱਧ ਵੋਟ ਪਾਏਗੀ।ਇਸ ਨਾਲ ਲਿਬਰਲ ਸਰਕਾਰ ਨੂੰ ਸੱਤਾ ਵਿਚ ਰਹਿਣ ਲਈ ਲੋੜੀਂਦਾ ਸਮਰਥਨ ਮਿਲ ਜਾਵੇਗਾ ਅਤੇ ਜਲਦੀ ਫ਼ੈਡਰਲ ਚੋਣਾਂ ਦੀ ਸੰਭਾਵਨਾ ਟਲ਼ਦੀ ਪ੍ਰਤੀਤ ਹੋ ਰਹੀ ਹੈ।ਬਲੌਂਸ਼ੇ ਨੇ ਫ਼੍ਰੈਂਚ ਭਾਸ਼ਾ ਵਿਚ ਬੋਲਦਿਆਂ ਸਪਸ਼ਟ ਕੀਤਾ ਕਿ ਬਲੌਕ ਕੰਜ਼ਰਵੇਟਿਵਜ਼ ਦੇ ਭਰੋਸਗੀ ਮਤੇ ਦੇ ਪੱਖ ਵਿਚ ਵੋਟ ਨਹੀਂ ਪਾਏਗਾ।ਬਲੌਂਸ਼ੇ ਨੇ ਕਿਹਾ, ਮਤੇ ਵਿਚ ਬਿਲਕੁਲ ਕੁਝ ਨਹੀਂ ਹੈ। ਇਹ ਮੁੱਖ ਤੌਰ ‘ਤੇ ਕਹਿੰਦਾ ਹੈ: ਕੀ ਤੁਸੀਂ ਜਸਟਿਨ ਟ੍ਰੂਡੋ ਨੂੰ ਪੀਅਰ ਪੌਲੀਐਵ ਨਾਲ ਬਦਲਣਾ ਚਾਹੁੰਦੇ ਹੋ? ਇਸ ਦਾ ਜਵਾਬ ਹੈ ਨਹੀਂ।ਉਨ੍ਹਾਂ ਕਿਹਾ ਕਿ ਬਲੌਕ ਪਾਰਟੀ ਕਿਊਬੈਕ ਵਾਸੀਆਂ ਦੀ ਸੇਵਾ ਲਈ ਹੈ ਨਾ ਕਿ ਕੰਜ਼ਰਵੇਟਿਵਜ਼ ਦੀ ਸੇਵਾ ਲਈ।ਮੈਂ ਕੰਜ਼ਰਵੇਟਿਵ ਨਹੀਂ ਹਾਂ। ਕੰਜ਼ਰਵੇਟਿਵ ਕਦਰਾਂ ਕੀਮਤਾਂ ਕਿਊਬੈਕ ਦੀਆਂ ਕਦਰਾਂ ਕੀਮਤਾਂ ਨਹੀਂ ਹਨ।ਕੰਜ਼ਰਵੇਟਿਵ ਲੀਡਰ ਪੀਅਰ ਪੌਲੀਐਵ ਨੇ ਬੁੱਧਵਾਰ ਸਵੇਰੇ ਕਿਹਾ ਸੀ ਕਿ ਜਲਦੀ ਫ਼ੈਡਰਲ ਚੋਣਾਂ ਕਰਾਉਣ ਦੀ ਕੋਸ਼ਿਸ਼ ਵੱਜੋਂ ਅਗਲੇ ਮੰਗਲਵਾਰ ਨੂੰ ਉਹ ਬੇਭਰੋਸਗੀ ਦਾ ਮਤਾ ਪੇਸ਼ ਕਰਨਗੇ।