ਉੱਤਰ-ਪੱਛਮੀ ਇੰਗਲੈਂਡ ਦੇ ਸਾਊਥਪੋਰਟ ’ਚ ਤਿੰਨ ਸਕੂਲੀ ਵਿਦਿਆਰਥਣਾਂ ਦੀ ਚਾਕੂ ਮਾਰ ਕੇ ਹੱਤਿਆ ਮਗਰੋਂ ਬਰਤਾਨੀਆ ਦੇ ਕਈ ਸ਼ਹਿਰਾਂ ’ਚ ਦੰਗੇ ਭੜਕ ਗਏ ਹਨ। ਪੁਲੀਸ ਨੇ ਐਤਵਾਰ ਨੂੰ ਰੋਥਰਹੈਮ, ਮਿਡਲਸਬਰੋਅ, ਬੋਲਟਨ ਅਤੇ ਹੋਰ ਕਈ ਹਿੱਸਿਆਂ ’ਚ ਹਿੰਸਕ ਝੜਪਾਂ ਮਗਰੋਂ ਕਮਰ ਕੱਸ ਲਈ ਹੈ। ਕੱਟੜ ਸੱਜੇ-ਪੱਖੀਆਂ ’ਤੇ ਦੰਗੇ ਭੜਕਾਉਣ ਦਾ ਦੋਸ਼ ਲੱਗ ਰਿਹਾ ਹੈ। ਪੁਲੀਸ ਮੁਤਾਬਕ ਹੱਤਿਆ ਕਰਨ ਵਾਲੇ ਨੌਜਵਾਨ ਦੇ ਗ਼ੈਰਕਾਨੂੰਨੀ ਢੰਗ ਨਾਲ ਮੁਲਕ ’ਚ ਆਉਣ ਬਾਰੇ ਸੋਸ਼ਲ ਮੀਡੀਆ ’ਤੇ ਅਫ਼ਵਾਹ ਫੈਲਣ ਮਗਰੋਂ ਪਰਵਾਸੀ ਵਿਰੋਧੀ ਭੀੜ ਨੇ ਕਈ ਹੋਟਲਾਂ ਅਤੇ ਮਸਜਿਦਾਂ ਨੂੰ ਨਿਸ਼ਾਨਾ ਬਣਾਇਆ। ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਇਕ ਬਿਆਨ ’ਚ ਕਿਹਾ, ‘‘ਮੈਂ ਕੱਟੜ ਸੱਜੇ-ਪੱਖੀਆਂ ਵੱਲੋਂ ਦੰਗੇ ਭੜਕਾਉਣ ਦੀ ਸਖ਼ਤ ਨਿਖੇਧੀ ਕਰਦਾ ਹਾਂ। ਜਿਹੜੇ ਲੋਕ ਹਿੰਸਾ ’ਚ ਸ਼ਾਮਲ ਹਨ, ਉਨ੍ਹਾਂ ਨੂੰ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ। ਸਾਰਿਆਂ ਨੂੰ ਹਿੰਸਾ ਦੀ ਨਿਖੇਧੀ ਕਰਨੀ ਚਾਹੀਦੀ ਹੈ। ਇਸ ਮੁਲਕ ਦੇ ਲੋਕਾਂ ਨੂੰ ਸੁਰੱਖਿਅਤ ਰਹਿਣ ਦਾ ਅਧਿਕਾਰ ਹੈ। ਮੁਸਲਮਾਨਾਂ ਅਤੇ ਮਸਜਿਦਾਂ ’ਤੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾਣਗੇ।’’ ਗ੍ਰਹਿ ਮੰਤਰੀ ਯਵੇਟੇ ਕੂਪਰ ਨੇ ਕਿਹਾ ਕਿ ਜਿਹੜੇ ਵਿਅਕਤੀ ਹਿੰਸਾ ’ਚ ਸ਼ਾਮਲ ਹਨ, ਉਨ੍ਹਾਂ ਨੂੰ ਕੀਮਤ ਤਾਰਨੀ ਪਵੇਗੀ। -ਪੀਟੀਆਈ
ਤਿੰਨ ਵਿਦਿਆਰਥਣਾਂ ਦੀ ਚਾਕੂ ਮਾਰ ਕੇ ਹੱਤਿਆ ਕਰਨ ਵਾਲੇ ਐਕਸੇਲ ਰੂਡਾਕੁਬਾਨਾ (17) ਦਾ ਜਨਮ ਕਾਰਡਿਫ ’ਚ ਰਵਾਂਡਾ ਮੂਲ ਦੇ ਮਾਪਿਆਂ ਦੇ ਘਰ ਹੋਇਆ ਹੈ। ਸੋਸ਼ਲ ਮੀਡੀਆ ’ਤੇ ਅਫ਼ਵਾਹ ਫੈਲੀ ਹੋਈ ਹੈ ਕਿ ਉਹ ਸ਼ਰਨਾਰਥੀ ਸੀ ਅਤੇ ਪਿਛਲੇ ਸਾਲ ਹੀ ਛੋਟੀ ਕਿਸ਼ਤੀ ਰਾਹੀਂ ਇੰਗਲੈਂਡ ਆਇਆ ਸੀ। ਸਾਊਥਪੋਰਟ ਦੇ ਲੋਕਾਂ ਅਤੇ ਮਾਰੀ ਗਈ ਇਕ ਲੜਕੀ ਦੀ ਮਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਦੰਗੇ ਬੰਦ ਕਰ ਦੇਣ ਅਤੇ ਉਨ੍ਹਾਂ ਦੇ ਮਸਲੇ ਦੀ ਆੜ ਹੇਠ ਆਪਣੇ ਹਿੱਤ ਨਾ ਪੂਰੇ ਕਰਨ।