ਲਾਸ ਏਂਜਲਸ ਅਤੇ ਇਸ ਦੇ ਆਲੇ-ਦੁਆਲੇ ਲੱਗੀ ਜੰਗਲ ਦੀ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ 24 ਪੁੱਜ ਗਈ ਹੈ। ਏਬੀਸੀ ਨਿਊਜ਼ ਨੇ ਇਹ ਖ਼ਬਰ ਕਾਉਂਟੀ ਆਫ਼ ਲਾਸ ਏਂਜਲਸ ਡਿਪਾਰਟਮੈਂਟ ਆਫ਼ ਮੈਡੀਕਲ ਐਗਜ਼ਾਮੀਨਰ ਦੇ ਹਵਾਲੇ ਨਾਲ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਸੀ ਕਿ ਲਾਸ ਏਂਜਲਸ ‘ਚ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ ਕਿਉਂਕਿ ਬਹੁਤ ਸਾਰੇ ਲੋਕ ਅਜੇ ਵੀ ਲਾਪਤਾ ਹਨ। ਮੰਗਲਵਾਰ ਤੋਂ ਕੈਲੀਫੋਰਨੀਆ ਵਿੱਚ ਕਈ ਜੰਗਲਾਂ ਵਿੱਚ ਅੱਗ ਲੱਗ ਗਈ ਹੈ, ਜਿਸ ਕਾਰਨ ਹਜ਼ਾਰਾਂ ਲੋਕਾਂ ਨੂੰ ਘਰ ਛੱਡ ਕੇ ਪਲਾਇਨ ਕਰਨਾ ਪਿਆ ਹੈ।ਪਿਛਲੇ 7 ਦਿਨਾਂ ਤੋਂ ਲੱਗੀ ਅੱਗ ‘ਤੇ ਅਜੇ ਤੱਕ ਕਾਬੂ ਨਹੀਂ ਪਾਇਆ ਜਾ ਸਕਿਆ ਹੈ ਪਰ ਐਤਵਾਰ ਨੂੰ ਲਾਸ ਏਂਜਲਸ ਵਿੱਚ ਹਵਾ ਦੀ ਗਤੀ ਥੋੜ੍ਹੀ ਘੱਟ ਗਈ। ਇਸ ਨਾਲ ਫਾਇਰਫਾਈਟਰਾਂ ਨੂੰ ਅੱਗ ‘ਤੇ ਕਾਬੂ ਪਾਉਣ ਵਿੱਚ ਮਦਦ ਮਿਲੀ। ਹਾਲਾਂਕਿ, ਇੱਕ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਦੇਰ ਰਾਤ ਤੱਕ ਤੇਜ਼ ਹਵਾਵਾਂ ਵਾਪਸ ਆਉਣਗੀਆਂ। ਇਸ ਕਾਰਨ ਲਾਸ ਏਂਜਲਸ ਦੇ ਦੋ ਜੰਗਲਾਂ ਵਿੱਚ ਲੱਗੀ ਅੱਗ ਨੂੰ ਜਲਦੀ ਬੁਝਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ।
