ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੈਨੇਡੀਅਨਾਂ ਦੀ ਸੁਰੱਖਿਆ ਦੇ ਮੁੱਦੇ ’ਤੇ ਦ੍ਰਿੜ ਹੈ, ਜਿਸ ਵਿਚ ਹਰਦੀਪ ਸਿੰਘ ਨਿੱਝਰ ਦੀ ਹਤਿਆ ਨੂੰ ਸੰਬੋਧਤ ਕਰਨਾ ਵੀ ਸ਼ਾਮਲ ਹੈ, ਜਿਸ ਦਾ ਪਿਛਲੇ ਸਾਲ ਜੂਨ ਵਿਚ ਸਰੀ ਵਿਚ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ।ਕਿਊਬਿਕ ਦੀ ਜੱਜ ਮੈਰੀ-ਜੋਸੀ ਹੋਗ ਦੀ ਅਗਵਾਈ ਵਾਲੇ ਵਿਦੇਸ਼ੀ ਦਖ਼ਲਅੰਦਾਜ਼ੀ ਕਮਿਸ਼ਨ ਦੀ ਸੁਣਵਾਈ ਦੌਰਾਨ, ਟਰੂਡੋ ਨੇ ਦੇਸ਼ ਦੀ ਪਿਛਲੀ ਕੰਜ਼ਰਵੇਟਿਵ ਸਰਕਾਰ ’ਤੇ ਮੌਜੂਦਾ ਭਾਰਤ ਸਰਕਾਰ ਨਾਲ ਨਰਮ ਰੁਖ਼ ਅਪਣਾਉਣ ਦਾ ਦੋਸ਼ ਲਗਾਇਆ।ਟਰੂਡੋ ਨੇ ਕਿਹਾ, ‘ਸਾਡੇ ਸਿਧਾਂਤ ਮੁਤਾਬਕ ਜੋ ਵੀ ਵਿਅਕਤੀ ਦੁਨੀਆਂ ਦੇ ਕਿਸੇ ਵੀ ਹਿੱਸੇ ਤੋਂ ਕੈਨੇਡਾ ਆਉਂਦਾ ਹੈ, ਉਸ ਕੋਲ ਕੈਨੇਡੀਅਨ ਦੇ ਸਾਰੇ ਅਧਿਕਾਰ ਹਨ। ਉਹ ਜਬਰੀ ਵਸੂਲੀ, ਜ਼ਬਰਦਸਤੀ ਜਾਂ ਉਸ ਦੇਸ਼ ਤੋਂ ਦਖ਼ਲਅੰਦਾਜ਼ੀ ਤੋਂ ਮੁਕਤ ਹੁੰਦੇ ਹਨ ਜਿਸ ਨੂੰ ਉਹ ਛੱਡ ਕੇ ਆਉਂਦੇ ਹਨ। ਅਸੀਂ ਕਿਵੇਂ ਇਨ੍ਹਾਂ ਨਾਲ ਖੜੇ ਹੁੰਦੇ ਹਾਂ ਉਹ ਨਿੱਝਰ ਦੇ ਕਤਲ ਦੇ ਗੰਭੀਰ ਮਾਮਲੇ ’ਚ ਦਿਖਾ ਚੁਕੇ ਹਾਂ ਜਿਸ ਦਾ ਮੁੱਦਾ ਅਸੀਂ ਸੰਸਦ ’ਚ ਚੁਕਿਆ ਸੀ। ਇਹ ਕੈਨੇਡੀਅਨਾਂ ਦੇ ਅਧਿਕਾਰਾਂ ਅਤੇ ਆਜ਼ਾਦੀ ਦੀ ਰਖਿਆ ਲਈ ਸਾਡੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।’
