ਕੈਨੇਡਾ ਨੇ ਆਪਣੀ ਇਮੀਗ੍ਰੇਸ਼ਨ ਨੀਤੀ ਵਿਚ ਹੋਰ ਵੱਡਾ ਬਦਲਾਅ ਕਰਦਿਆਂ ਫਾਸਟ ਟਰੈਕ ਸਟੂਡੈਂਟ ਵੀਜ਼ਾ, ਜਿਸ ਨੂੰ ਸਟੂਡੈਂਟ ਡਾਇਰੈਕਟ ਸਟ੍ਰੀਮ (ਐੱਸਡੀਐੱਸ) ਪ੍ਰੋਗਰਾਮ ਵੀ ਕਿਹਾ ਜਾਂਦਾ ਹੈ, ਨੂੰ ਤੁਰੰਤ ਬੰਦ ਕਰ ਦਿੱਤਾ ਹੈ। ਕੈਨੇਡਾ ਦੇ ਇਸ ਫੈਸਲੇ ਨਾਲ ਹਜ਼ਾਰਾਂ ਕੌਮਾਂਤਰੀ ਵਿਦਿਆਰਥੀਆਂ, ਖਾਸ ਕਰਕੇ ਕੈਨੇਡਾ ਵਿਚ ਪੜ੍ਹਾਈ ਕਰਨ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ’ਤੇ ਸਿੱਧਾ ਅਸਰ ਪਏਗਾ। ਐੱਸਡੀਐੱਸ ਪ੍ਰੋਗਰਾਮ 2018 ਵਿਚ ਸ਼ੁਰੂ ਕੀਤਾ ਗਿਆ ਸੀ ਤੇ ਇਸ ਦਾ ਮੁੱਖ ਮੰਤਵ ਭਾਰਤ, ਚੀਨ, ਪਾਕਿਸਤਾਨ ਤੇ ਫਿਲਪੀਨਜ਼ ਸਣੇ 14 ਮੁਲਕਾਂ ਦੇ ਉਮੀਦਵਾਰਾਂ, ਜੋ ਨਿਰਧਾਰਿਤ ਮਾਪਦੰਡਾਂ ਨੂੰ ਪੂਰਾ ਕਰਦੇ ਹਨ, ਲਈ ਸਟੱਡੀ ਪਰਮਿਟ ਦੇ ਅਮਲ ਨੂੰ ਸਟ੍ਰੀਮਲਾਈਨ ਕਰਨਾ ਸੀ।ਐੱਸਡੀਐੱਸ ਪ੍ਰੋਗਰਾਮ ਵਿਸ਼ੇਸ਼ ਕਰਕੇ ਕੌਮਾਂਤਰੀ ਵਿਦਿਆਰਥੀਆਂ ਵਿਚ ਬਹੁਤ ਮਕਬੂਲ ਸੀ, ਕਿਉਂਕਿ ਸਟੈਂਡਰਡ ਅਮਲ ਦੇ ਮੁਕਾਬਲੇ ਇਸ ਵਿਚ ਪਰਮਿਟ ਦੀ ਪ੍ਰਵਾਨਗੀ ਬਹੁਤ ਤੇਜ਼ (ਕਈ ਵਾਰ ਤਾਂ ਤਿੰਨ ਹਫ਼ਤਿਆਂ ਵਿਚ ਮਿਲ ਜਾਂਦੀ) ਸੀ। ਐੱਸਡੀਐੱਸ ਵੀਜ਼ਾ ਅਰਜ਼ੀ ਦੇ ਅਮਲ ਨੂੰ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਦੀ ਸੂਰਤ ਵਿਚ ਆਮ ਕਰਕੇ ਤਿੰਨ ਤੋਂ ਚਾਰ ਹਫ਼ਤੇ ਲੱਗਦੇ ਹਨ, ਜਦੋਂਕਿ ਸਾਧਾਰਨ ਅਮਲ ਵਿਚ ਅੱਠ ਤੋਂ 12 ਹਫ਼ਤੇ ਅਤੇ ਕਈ ਵਾਰ ਇਸ ਤੋਂ ਵੀ ਵੱਧ ਸਮਾਂ ਲੱਗਦਾ ਹੈ। ਅੰਕੜਿਆਂ ਮੁਤਾਬਕ 2023 ਵਿਚ ਐੱਸਡੀਐੈੱਸ ਬਿਨੈਕਾਰਾਂ ਲਈ ਵੀਜ਼ੇ ਦੀ ਪ੍ਰਵਾਨਗੀ ਦਰ 73 ਫੀਸਦ ਸੀ, ਜਦੋਂਕਿ ਨਾਨ-ਐੱਸਡੀਐੇੱਸ ਬਿਨੈਕਾਰਾਂ ਲਈ ਇਹ ਦਰ 10 ਫੀਸਦ ਸੀ।ਇਮੀਗ੍ਰੇਸ਼ਨ, ਰਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ (ਆਈਆਰਸੀਸੀ) ਨੇ ਨਾਇਜੀਰੀਆ ਸਟੂਡੈਂਟ ਐਕਸਪ੍ਰੈੱਸ (ਐੱਨਐੱਸਈ) ਪ੍ਰੋਗਰਾਮ ਵੀ ਬੰਦ ਕਰ ਦਿੱਤਾ ਹੈ। ਨਾਇਜੀਰੀਅਨ ਉਮੀਦਵਾਰਾਂ ਨੂੰ ਹੁਣ ਸਟੈਂਡਰਡ ਸਟੱਡੀ ਪਰਮਿਟ ਐਪਲੀਕੇਸ਼ਨ ਰੂਟ ਅਪਣਾਉਣਾ ਹੋਵੇਗਾ। ਕੈਨੇਡੀਅਨ ਸਰਕਾਰ ਨੇ ਸਾਲ 2025 ਵਿਚ 4.37 ਲੱਖ ਨਵੇਂ ਸਟੱਡੀ ਪਰਮਿਟ, ਜਿਸ ਵਿਚ ਪੋਸਟ-ਗਰੈਜੂਏਟ ਪ੍ਰੋਗਰਾਮਾਂ ਸਣੇ ਸਿੱਖਿਆ ਦੇ ਸਾਰੇ ਪੱਧਰ ਕਵਰ ਹੋਣਗੇ, ਦੇਣ ਦਾ ਹੀ ਫੈਸਲਾ ਕੀਤਾ ਹੈ। ਟਰੂਡੋ ਸਰਕਾਰ ਦੀ ਇਹ ਪੇਸ਼ਕਦਮੀ ਉੱਚ ਸਿੱਖਿਆ ਲਈ ਕੈਨੇਡਾ ਜਾਣ ਦੇ ਚਾਹਵਾਨ ਭਾਰਤੀ ਵਿਦਿਆਰਥੀਆਂ ਲਈ ਇਕ ਹੋਰ ਝਟਕਾ ਹੈ। ਇਸ ਤੋਂ ਪਹਿਲਾਂ ਇਸ ਸਾਲ ਦੀ ਸ਼ੁਰੂਆਤ ਵਿਚ ਕੈਨੇਡਾ ਨੇ 2024 ਵਿਚ ਕੌਮਾਂਤਰੀ ਵਿਦਿਆਰਥੀਆਂ ਲਈ ਨਵੇਂ ਨੇਮ ਲਾਗੂ ਕੀਤੇ ਸਨ। ਇਸ ਵਿਚ ਸਟੱਡੀ ਪਰਮਿਟਾਂ ਦੀ ਗਿਣਤੀ ਦੋ ਸਾਲਾਂ ਵਿਚ 35 ਫੀਸਦ ਘਟਾਉਣਾ ਵੀ ਸ਼ਾਮਲ ਸੀ।