ਕੈਨੇਡਾ: ਫਿਰੌਤੀਆਂ ਮੰਗਣ ਦੇ ਦੋਸ਼ ਹੇਠ ਪੰਜ ਗ੍ਰਿਫ਼ਤਾਰ,ਮੁਲਜ਼ਮਾਂ ਵਿੱਚ ਤਿੰਨ ਪੰਜਾਬੀ ਵੀ ਸ਼ਾਮਲ

ਕੈਨੇਡਾ ਪੁਲੀਸ ਨੇ ਪਿਛਲੇ ਮਹੀਨਿਆਂ ਵਿੱਚ ਪੰਜਾਬੀ ਵਪਾਰੀਆਂ ਕੋਲੋਂ ਫਿਰੌਤੀਆਂ ਵਜੋਂ ਵੱਡੀਆਂ ਰਕਮਾਂ ਮੰਗਣ ਅਤੇ ਗੋਲੀਬਾਰੀ ਕਰਨ ਦੇ ਦੋਸ਼ਾਂ ਹੇਠ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚੋਂ ਤਿੰਨ ਪੰਜਾਬੀ ਹਨ। ਇਸ ਬਾਰੇ ਪੀਲ ਪੁਲੀਸ ਦੇ ਉਪ ਮੁਖੀ ਮਾਰਕ ਐਂਡਰਿਊ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਕਈ ਵਪਾਰਕ ਅਦਾਰਿਆਂ ਦੇ ਮਾਲਕਾਂ ਨੂੰ ਅਣਪਛਾਤੇ ਨੰਬਰਾਂ ਤੋਂ ਫੋਨ ਕਰ ਕੇ ਵੱਡੀਆਂ ਰਕਮਾਂ ਦੀ ਮੰਗ ਕੀਤੀ ਜਾਂਦੀ ਸੀ ਅਤੇ ਕੁਝ ਕਾਰੋਬਾਰੀਆਂ ਨੂੰ ਡਰਾਉਣ ਲਈ ਉਨ੍ਹਾਂ ਦੇ ਸਟੋਰਾਂ ’ਤੇ ਗੋਲੀਬਾਰੀ ਵੀ ਹੋਈ। ਪੁਲੀਸ ਉਦੋਂ ਤੋਂ ਕਥਿਤ ਦੋਸ਼ੀਆਂ ਦਾ ਪਤਾ ਲਗਾ ਰਹੀ ਸੀ। ਆਖ਼ਰਕਾਰ ਸਬੂਤ ਇਕੱਠੇ ਕਰ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿੱਚ ਦੁਪਿੰਦਰਦੀਪ ਚੀਮਾ (36), ਬੇਅੰਤ ਢਿੱਲੋਂ (51) ਦੋਵੇਂ ਵਾਸੀਆਨ ਬਰੈਂਪਟਨ ਅਤੇ ਅਰੁਣਦੀਪ ਥਿੰਦ (39) ਬੇਘਰਾ ਸਮੇਤ ਦੋ ਹੋਰਾਂ ਨੂੰ 14 ਵੱਖ-ਵੱਖ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਕੋਲੋਂ ਹੋਰ ਪੁੱਛ-ਪੜਤਾਲ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ।ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਮੁਲਜ਼ਮ ਦੱਖਣ ਏਸ਼ਿਆਈ ਭਾਈਚਾਰੇ ਨਾਲ ਸਬੰਧਤ ਕਾਰੋਬਾਰੀਆਂ ਨੂੰ ਫੋਨ ਕਰ ਕੇ ਫਿਰੌਤੀ ਦੀ ਮੰਗ ਕਰਦੇ ਸਨ ਅਤੇ ਕਈਆਂ ਨੂੰ ਡਰਾਉਣ ਲਈ ਉਨ੍ਹਾਂ ਦੀਆਂ ਕਾਰੋਬਾਰੀ ਥਾਵਾਂ ’ਤੇ ਗੋਲੀਬਾਰੀ ਵੀ ਕਰਦੇ ਸਨ ਤਾਂ ਜੋ ਉਹ ਦਹਿਸ਼ਤ ਕਾਰਨ ਪੁਲੀਸ ਨੂੰ ਸੂਚਿਤ ਕਰਨ ਦੀ ਥਾਂ ਫਿਰੌਤੀ ਦੀ ਰਕਮ ਦੇਣਾ ਠੀਕ ਸਮਝਣ। ਪੁਲੀਸ ਅਫ਼ਸਰ ਨੇ ਹੋਰ ਪੀੜਤ ਕਾਰੋਬਾਰੀਆਂ ਨੂੰ ਵੀ ਸਾਹਮਣੇ ਆਉਣ ਦੀ ਅਪੀਲ ਕੀਤੀ ਹੈ ਜੋ ਕਿ ਪਹਿਲਾਂ ਕਿਸੇ ਕਾਰਨ ਪੁਲੀਸ ਕੋਲ ਸ਼ਿਕਾਇਤ ਨਹੀਂ ਕਰ ਸਕੇ

Spread the love